ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦੇ ਪਿੰਡ ਗਿੱਦੜਵਿੰਡੀ ਵਿਖੇ ਸੂਬੇ ਦੇ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਵਲੋਂ ਨਵੇਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ ਵੱਲੋਂ ਆਪਣੇ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਯੋਗ ਅਤੇ ਬਿਹਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸਾਢੇ 5 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਸਿੱਧਵਾਂ ਬੇਟ ਤੇ ਕਿਸ਼ਨਪੁਰਾ ਸਬ ਗਰਿੱਡਾਂ ਦੇ 20 ਪਿੰਡਾਂ ਨੂੰ ਇਸਦਾ ਫਾਇਦਾ ਹੋਵੇਗਾ। ਬਿਜਲੀ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਪਿੰਡ ਵਾਸੀਆਂ ਦੇ ਸਬ ਸਟੇਸ਼ਨ ਲਈ ਜ਼ਮੀਨ ਦੇਣ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ 6.30 ਕਿਲੋਮੀਟਰ ਲੰਬੀ 66 ਕੇ.ਵੀ. ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ, ਜਿਸ ਲਈ 29 ਟਾਵਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟਰਾਂਸਮਿਸ਼ਨ ਲਾਈਨ ਅਤੇ 66 ਕੇ.ਵੀ. ਲਾਈਨ ਬੇਅ ’ਤੇ ਕੁੱਲ 2 ਕਰੋੜ 52 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਬ ਸਟੇਸ਼ਨ, ਜਿਸ ਵਿੱਚ 12.5 ਐੱਮ.ਵੀ.ਏ. ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਅਤੇ 7 ਆਉਟਗੋਇੰਗ 11 ਕੇ.ਵੀ. ਫੀਡਰ ਸ਼ਾਮਿਲ ਹਨ ਤੇ 1 ਕਰੋੜ 78 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਸਬ-ਸਟੇਸ਼ਨ ਇਮਾਰਤ ਸਮੇਤ ਸਿਵਲ ਕੰਮਾਂ ’ਤੇ 1 ਕਰੋੜ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਮੇਰੇ ਹਲਕਾ ਦੇ ਪਿੰਡ ਗਿੱਦੜਵਿੰਡੀ ਵਿਖੇ 66 ਕੇ.ਵੀ ਗਰਿੱਡ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੇਰੇ ਹਲਕੇ ਦੇ ਜਿੰਨ੍ਹਾਂ ਵੀ ਕੰਮ ਸਨ ਉਹ ਸਾਰੇ ਮਨਜੂਰ ਕੀਤੇ ਹਨ। ਉਨ੍ਹਾਂ ਦੱਸਿਆ ਇਸਦੇ ਨਾਲ ਹੀ ਹਲਕਾ ਜਗਰਾਉਂ ਦੇ ਬੁਜ਼ਰਗ, ਕਾਉਂਕੇ ਕਲਾਂ ਅਤੇ ਭੰਮੀਪੁਰਾ ਦੇ ਗਰਿੱਡਾਂ ਦੇ ਕੰਮ ਵੀ ਜਲਦੀ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਹਲਕਾ ਜਗਰਾਉਂ ਵਿੱਚ ਬਿਜਲੀ ਦੀ ਸਮੱਸਿਆ ਬਿਲਕੁਲ ਖ਼ਤਮ ਹੋ ਜਾਵੇਗੀ। ਇਸ ਮੌਕੇ ਪਾਵਰਕਾਮ ਦੇ ਸੀ.ਐੱਮ.ਡੀ ਡਾ. ਬਸੰਤ ਗਰਗ ਨੇ ਕਿਹਾ ਕਿ ਗਿੱਦੜਵਿੰਡੀ ਦਾ ਇਹ 66 ਕੇ.ਵੀ. ਸਬ-ਸਟੇਸ਼ਨ ਆਉਣ ਵਾਲੇ ਸਮੇਂ ਵਿਚ ਇਲਾਕੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਗਤੀ ਦੇਵੇਗਾ ਅਤੇ ਲਾਗਲੇ ਪਿੰਡਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ 11 ਕੇ.ਵੀ. ਫੀਡਰਾਂ ਅਤੇ ਮੌਜੂਦਾ 66 ਕੇ.ਵੀ. ਸਬ-ਸਟੇਸ਼ਨਾਂ ਨੂੰ ਜੋੜਨ ਨਾਲ ਲੋਡ ਘਟੇਗਾ ਅਤੇ ਵੋਲਟੇਜ਼ ਵਿਚ ਸੁਧਾਰ ਆਵੇਗਾ, ਜਿਸ ਨਾਲ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਪ੍ਰਣਾਲੀ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣੇਗੀ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੂੰ ਸੇਫਟੀ ਕਿੱਟਾਂ ਵੀ ਬਿਜਲੀ ਮੰਤਰੀ ਸੌਂਦ ਵਲੋਂ ਵੰਡੀਆਂ ਗਈਆਂ। ਇਸ ਮੌਕੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ, ਐੱਸ.ਈ. ਜਸਵਿੰਦਰ ਸਿੰਘ, ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ, ਪ੍ਰਧਾਨ ਕੰਵਰਪਾਲ ਸਿੰਘ, ਚੇਅਰਮੈਨ ਕਰਮਜੀਤ ਸਿੰਘ ਕੰਮੀ, ਸਰਪੰਚ ਸੁਖਦੇਵ ਸਿੰਘ ਸੇਬੀ ਆਦਿ ਹਾਜ਼ਰ ਸਨ।