ਚੌਕੀਮਾਨ, 20 ਜੁਲਾਈ (ਤੇਜਿੰਦਰ ਸਿੰਘ ਚੱਢਾ) ਨੇੜਲੇ ਪਿੰਡ ਪੋਨਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਆ ਗਈਆਂ। ਵਿਵਾਦ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਇਕ ਧਿਰ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਖੇਤ ਵਿੱਚ ਖੜ੍ਹੀ ਮੱਕੀ ਦੀ ਫ਼ਸਲ ਉਜਾੜ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਇਸ ਤੋਂ ਪਹਿਲਾਂ ਹੀ ਸਾਰੇ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਮਾਮਲੇ ਦੀ ਨਿਰਪੱਖ ਜਾਂਚ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਚਾਰ ਨਾਮਜ਼ਦ ਅਤੇ 8 ਤੋਂ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦਾ ਦਿਲਚਸਪ ਪੱਖ ਇਹ ਰਿਹਾ ਕਿ ਸ਼ਿਕਾਇਤਕਰਤਾ ਧਿਰ ਤੋਂ ਇਲਾਵਾ ਦੂਜੀ ਧਿਰ ਦੇ ਮੁੱਖ ਵਿਅਕਤੀ ਸੁਖਰਾਜਵੀਰ ਸਿੰਘ ਨੇ ਵੀ ਥਾਣਾ ਸਦਰ ਪਹੁੰਚ ਕੇ ਆਪਣੇ ਉੱਪਰ ਗੋਲੀਆਂ ਚਲਾਉਣ ਦੀ ਸ਼ਿਕਾਇਤ ਦਿੱਤੀ। ਹਾਲਾਂਕਿ ਪੁਲਿਸ ਦੀ ਨਿਰਪੱਖ ਜਾਂਚ ਦੌਰਾਨ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੇ ਪਾਏ ਗਏ। ਥਾਣਾ ਸਦਰ ਪੁਲਿਸ ਅਨੁਸਾਰ ਪਿੰਡ ਪੋਨਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਸੁਖਰਾਜਵੀਰ ਸਿੰਘ, ਬਲਜੀਤ ਸਿੰਘ, ਗੁਰਸੇਵਕ ਸਿੰਘ (ਤਿੰਨੇ ਵਾਸੀ ਪਿੰਡ ਪੋਨਾ), ਲਖਬੀਰ ਸਿੰਘ ਉਰਫ਼ ਸਾਢੂ ਵਾਸੀ ਪਿੰਡ ਡੱਲਾ ਅਤੇ 8 ਤੋਂ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2024 ਵਿਚ ਪਿੰਡ ਪੋਨਾ ਦੇ ਗੁਰਜੀਤ ਸਿੰਘ ਤੋਂ ਇਹ ਜ਼ਮੀਨ ਠੇਕੇ ’ਤੇ ਲਈ ਸੀ ਅਤੇ ਉਸ ਸਮੇਂ ਤੋਂ ਲਗਾਤਾਰ ਇਸ ਦੀ ਖੇਤੀ ਕਰ ਰਿਹਾ ਹੈ। ਇਸ ਵੇਲੇ ਖੇਤ ਵਿਚ ਮੱਕੀ ਦੀ ਫ਼ਸਲ ਖੜ੍ਹੀ ਸੀ। ਉਸ ਦਾ ਦੋਸ਼ ਹੈ ਕਿ ਸੁਖਰਾਜਵੀਰ ਸਿੰਘ ਕਾਫ਼ੀ ਸਮੇਂ ਤੋਂ ਇਸ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਿਕਾਇਤ ਅਨੁਸਾਰ ਸੁਖਰਾਜਵੀਰ ਸਿੰਘ ਆਪਣੇ ਸਾਥੀਆਂ ਸਮੇਤ ਥਾਰ ਗੱਡੀ, ਟਰੈਕਟਰ ਅਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਖੇਤ ਵਿੱਚ ਪਹੁੰਚਿਆ ਅਤੇ ਖੜ੍ਹੀ ਮੱਕੀ ਦੀ ਫ਼ਸਲ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਤਾਂ ਜੋ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਸਕੇ। ਜਦੋਂ ਕੁਲਦੀਪ ਸਿੰਘ ਅਤੇ ਹੋਰ ਲੋਕਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗਾਲੀ-ਗਲੌਚ ਕੀਤੀ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ਵਿਚ ਸੁਖਰਾਜਵੀਰ ਸਿੰਘ ਨੇ ਖ਼ੁਦ ਥਾਣੇ ਪਹੁੰਚ ਕੇ ਦੂਜੇ ਪੱਖ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਲਗਾਏ। ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਦੌਰਾਨ ਗੋਲੀ ਚੱਲਣ ਦੇ ਦੋਸ਼ਾਂ ਦੀ ਕੋਈ ਪੁਸ਼ਟੀ ਨਹੀਂ ਹੋਈ। ਇਸ ਦੇ ਉਲਟ ਪੁਲਿਸ ਨੂੰ ਮਿਲੇ ਸਬੂਤਾਂ ਅਤੇ ਬਿਆਨਾਂ ਦੇ ਆਧਾਰ ‘ਤੇ ਸੁਖਰਾਜਵੀਰ ਸਿੰਘ ਅਤੇ ਉਸ ਦੇ ਸਾਥੀ ਹੀ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼ ਕਰਨ, ਫ਼ਸਲ ਦਾ ਨੁਕਸਾਨ ਕਰਨ ਅਤੇ ਵਿਵਾਦ ਖੜ੍ਹਾ ਕਰਨ ਦੇ ਦੋਸ਼ੀ ਪਾਏ ਗਏ। ਜਾਂਚ ਮੁਕੰਮਲ ਹੋਣ ਉਪਰੰਤ ਥਾਣਾ ਸਦਰ ਪੁਲਿਸ ਨੇ ਸੁਖਰਾਜਵੀਰ ਸਿੰਘ, ਉਸ ਦੇ ਸਾਥੀਆਂ ਅਤੇ 8 ਤੋਂ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।