ਹੰਬੜਾਂ, 21 ਜੁਲਾਈ (ਮੇਜਰ ਹੰਬੜਾਂ)- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ’ਚ ਜਿੱਥੇ ਪ੍ਰਵਾਸੀ ਭਾਰਤੀ ਪੰਜਾਬੀਆਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ, ਉੱਥੇ ਦਿਗਜ ਆਗੂਆਂ ਦੇ ਨਾਲ ਨੌਜਵਾਨਾਂ ਦੇ ਪਾਰਟੀ ਨਾਲ ਜੁੜਨ ਨਾਲ ਸੂਬੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਘੇਰਾ ਹੋਰ ਮਜ਼ਬੂਤ ਹੋ ਰਿਹਾ ਹੈ। ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ ਪਾਰਟੀ ਨਾਲ ਜੁੜ ਰਹੇ ਪ੍ਰਵਾਸੀ ਭਾਰਤੀਆਂ ਦੇ ਸਾਥ ਅਤੇ ਨੌਜਵਾਨਾਂ ਦੇ ਸਾਥ ਸਦਕਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡਾ ਇਤਿਹਾਸ ਰਚੇਗੀ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਮਨ ਬਣਾ ਚੁੱਕੇ ਹਨ ਕਿ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਅਤੇ ਪੰਜਾਬ ਨੂੰ ਕਰਜੇ ਤੋਂ ਮੁਕਤ ਬਣਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਦਲ ਲਿਆਂਦੇ ਜਾਣਾ ਜ਼ਰੂਰੀ ਹੈ ਤੇ ਲੋਕ ਉਨ੍ਹਾਂ ਦੀ ਅਗਵਾਈ ’ਚ ਸੂਬੇ ਅੰਦਰ ਤਬਦੀਲੀ ਲਿਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਕਾਮਯਾਬ ਬਣਾਉਣਗੇ।ਚੇਅਰਮੈਨ ਇਯਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਸੂਬੇ ’ਚ ਬਲੰਦੀਆਂ ਨੂੰ ਛੂਹੇਗੀ ਤੇ ਪ੍ਰਵਾਸੀ ਭਾਰਤੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਕਾਮਯਾਬ ਬਣਾਉਣ ਲਈ ਪੰਜਾਬ ਵੱਲ ਵਹੀਰਾਂ ਘੱਤਣਗੇ ਤਾਂ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਸਮੇਤ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸਰਕਾਰ ਲਿਆਕੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ।