ਮੁੱਲਾਂਪੁਰ-ਦਾਖਾ, 21 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੀਸ ਪਬਲਿਕ ਸਕੂਲ ਭਨੋਹੜ (ਨੈਸ਼ਨਲ ਹਾਈਵੇ, ਸਾਹਮਣੇ ਹਵੇਲੀ) ਵਿਖੇ ਚੱਲ ਰਹੇ ਭਾਰਤੀ ਭਾਸ਼ਾ ਸਮਰ ਕੈਂਪ ਦੌਰਾਨ ਅੱਜ ਦਾ ਮੁੱਖ ਵਿਸ਼ਾ ‘ਸਥਾਨਕ ਭੋਜ਼ਨ, ਮਸਾਲਿਆਂ, ਸਬਜ਼ੀਆਂ ਅਤੇ ਫ਼ਲਾਂ ਦੇ ਨਾਮ ਰੱਖਿਆ ਗਿਆ ਸੀ। ਕੈਂਪ ਦੌਰਾਨ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ਲਾਂ ਅਤੇ ਸਬਜ਼ੀਆਂ ਦੇ ਪੰਜਾਬੀ ਨਾਮ ਬਹੁਤ ਹੀ ਸਰਲ ਤਰੀਕੇ ਨਾਲ ਸਿਖਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਸੋਈ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਮਸਾਲਿਆਂ ਬਾਰੇ ਅਤੇ ਫ਼ਲਾਂ-ਸਬਜ਼ੀਆਂ ਦੇ ਪੌਸ਼ਟਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸਿਹਤਮੰਦ ਰਹਿਣ ਲਈ ਫ਼ਲ ਅਤੇ ਸਬਜ਼ੀਆਂ ਸਾਡੇ ਜੀਵਨ ਵਿਚ ਕਿੰਨੀਆਂ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਹੜੇ ਫਲ ਕਿਸ ਸਮੇਂ ਖਾਣੇ ਸਿਹਤ ਲਈ ਵਧੇਰੇ ਲਾਭਦਾਇਕ ਹੁੰਦੇ ਹਨ। ਇਸ ਸਿੱਖਿਆਦਾਇਕ ਸੈਸ਼ਨ ਨਾਲ ਛੋਟੇ ਵਿਦਿਆਰਥੀਆਂ ਵਿੱਚ ਪੋਸ਼ਣ, ਤੰਦਰੁਸਤੀ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਇੱਕ ਨਵੀਂ ਜਾਗਰੂਕਤਾ ਪੈਦਾ ਹੋਈ। ਸਕੂਲ ਪ੍ਰਿੰਸੀਪਲ ਸੀ.ਕੇ ਜੀਜਾ ਕਿਹਾ ਕਿ ਅਜਿਹੇ ਸਮਰ ਕੈਂਪ ਬੱਚਿਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਅਤੇ ਸਿਹਤਮੰਦ ਜੀਵਨ-ਸ਼ੈਲੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਹੀ ਚੰਗੀਆਂ ਆਦਤਾਂ ਪਾਉਣਾ ਬੱਚਿਆਂ ਦੇ ਸੁਨਹਿਰੀ ਭਵਿੱਖ ਦਾ ਆਧਾਰ ਬਣਦਾ ਹੈ।