09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਤੀਜ ਦੇ ਮੇਲੇ ’ਚ ਸਫ਼ਾਈ ਸੇਵਕਾਂ ਨੇ ਪਵਾਈ ਰੋਸ ਦੀ ਕਿੱਕਲੀ, ਸਮਾਗਮ ਦੌਰਾਨ ਕੀਤਾ ਜ਼ੋਰਦਾਰ ਵਿਰੋਧ

ਅਜੀਤ ਡੈਸਕ 26-07-2026
ਜਗਰਾਉਂ, 25 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹਿਰ ਦੇ ਇੱਕ ਨਿੱਜੀ ਸਕੂਲ ਵੱਲੋਂ ਕਰਵਾਏ ਗਏ ਤੀਜ ਦੇ ਰੰਗਾਰੰਗ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਅਚਾਨਕ ਬਦਲ ਗਿਆ ਜਦੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ‘ਤੇ ਬੈਠੇ ਨਗਰ ਕੌਂਸਲ ਦੇ ਸਫ਼ਾਈ ਸੇਵਕ ਵੱਡੀ ਗਿਣਤੀ ਵਿੱਚ ਸਮਾਗਮ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਰੰਗ-ਬਿਰੰਗੀਆਂ ਪੁਸ਼ਾਕਾਂ, ਗਿੱਧੇ, ਬੋਲੀਆਂ ਅਤੇ ਤੀਆਂ ਦੀਆਂ ਰੌਣਕਾਂ ਵਿਚਕਾਰ ਅਚਾਨਕ ਗੂੰਜੇ ਰੋਸ ਦੇ ਨਾਅਰਿਆਂ ਨੇ ਕੁਝ ਸਮੇਂ ਲਈ ਪੂਰੇ ਸਮਾਗਮ ਦਾ ਮਾਹੌਲ ਬਦਲ ਦਿੱਤਾ। ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਨੇ ਆਪਣੇ ਹੱਥਾਂ ਵਿੱਚ ਮੰਗਾਂ ਸਬੰਧੀ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਫ਼ਾਈ ਸੇਵਕਾਂ ਵਲੋਂ ਪੰਜਾਬ ਭਰ ’ਚ ਹੜਤਾਲ ਚੱਲ ਰਹੀ ਹੈ ਜਿਸਦੇ ਚੱਲਦਿਆਂ ਅੱਜ ਤੀਜ ਸਮਾਗਮ ਵਿਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਗੁਰਪ੍ਰੀਤ ਕੌਰ ਨੂੰ ਮੰਗ ਪੱਤਰ ਦੇਣਾ ਸੀ ਪ੍ਰੰਤੂ ਉਨ੍ਹਾਂ ਦਾ ਆਉਣਾ ਰੱਦ ਹੋਣ ਕਰਕੇ ਸਫਾਈ ਸੇਵਕਾਂ ਨੇ ਇਹ ਮੰਗ ਪੱਤਰ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਸੌਂਪਣ ਦਾ ਫ਼ੈਸਲਾ ਲਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਰੁਣ ਗਿੱਲ ਅਤੇ ਕੰਵਲਜੀਤ ਖੰਨਾ ਨੇ ਰੋਸ ਕੀਤਾ ਕਿ ਅੱਜ ਜਦੋਂ ਬਰਨਾਲਾ ਵਿਖੇ ਔਰਤਾਂ ਨੂੰ ਛੱਲੀਆਂ ਵਾਂਗ ਭੁੰਨਿਆ ਗਿਆ ਹੈ ਉਸ ਵੇਲੇ ਤੀਆਂ ਦੇ ਨਾਚ ਸੋਭਾ ਨਹੀਂ ਦਿੰਦੇ। ਉਨ੍ਹਾਂ ਦੋਸ਼ ਲਾਇਆ ਕਿ ਸਫਾਈ ਸੇਵਕਾਂ ਨਾਲ ਲਗਾਤਾਰ ਅਣਗਹਿਲੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ ਜਾ ਰਹੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਤਿਉਹਾਰਾਂ ਅਤੇ ਸਮਾਗਮਾਂ ਵਿੱਚ ਸ਼ਹਿਰ ਦੀ ਸਫਾਈ ਯਕੀਨੀ ਬਣਾਉਣ ਵਿੱਚ ਸਫਾਈ ਸੇਵਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ਉਨ੍ਹਾਂ ਦੇ ਆਪਣੇ ਹੱਕਾਂ ਅਤੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਬੂਰੀ ਵੱਸ ਉਨ੍ਹਾਂ ਨੂੰ ਆਪਣੀ ਆਵਾਜ਼ ਲੋਕਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸਮਾਗਮਾਂ ਦੌਰਾਨ ਵੀ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਰੋਸ ਪ੍ਰਦਰਸ਼ਨ ਕਾਰਨ ਕੁਝ ਸਮੇਂ ਲਈ ਤੀਜ ਦੇ ਸਮਾਗਮ ਦੀ ਕਾਰਵਾਈ ਪ੍ਰਭਾਵਿਤ ਰਹੀ ਅਤੇ ਮੰਚ ’ਤੇ ਚੱਲ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਵਿਘਨ ਪਿਆ। ਸਮਾਗਮ ਵਿੱਚ ਮੌਜੂਦ ਲੋਕਾਂ ਅਤੇ ਪ੍ਰਬੰਧਕਾਂ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਬਾਅਦ ਸਫ਼ਾਈ ਸੇਵਕਾਂ ਨੇ ਆਪਣਾ ਰੋਸ ਦਰਜ ਕਰਵਾਉਣ ਉਪਰੰਤ ਉਥੋਂ ਰਵਾਨਗੀ ਕਰ ਲਈ, ਜਿਸ ਤੋਂ ਬਾਅਦ ਸਮਾਗਮ ਮੁੜ ਪਹਿਲਾਂ ਵਾਂਗ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਸਫਾਈ ਸੇਵਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਲਿਖਤੀ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੜਤਾਲ ਅਤੇ ਰੋਸ ਪ੍ਰਦਰਸ਼ਨਾਂ ਦਾ ਮਕਸਦ ਕਿਸੇ ਸਮਾਗਮ ਵਿੱਚ ਵਿਘਨ ਪਾਉਣਾ ਨਹੀਂ, ਸਗੋਂ ਸਰਕਾਰ ਦਾ ਧਿਆਨ ਆਪਣੇ ਹੱਕਾਂ ਵੱਲ ਖਿੱਚਣਾ ਹੈ।
ਪਿਛਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਹਰ ਵੇਲੇ ਤੱਤਪਰ-ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਅਗਲੀ ਖ਼ਬਰ ਜੰਤਰ-ਮੰਤਰ ਵਿਦਿਆਰਥੀ ਅੰਦੋਲਨ: ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਵਿਦਿਆਰਥੀਆਂ ਤੇ ਸੰਘਰਸ਼ੀ ਲੋਕਾਂ ਦੀ ਜਿੱਤ- ਇਯਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।