ਜਗਰਾਉਂ, 31 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਆਰਥਿਕ ਤੰਗੀਆਂ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਵੱਡੇ ਤੋਂ ਵੱਡਾ ਸੁਪਨਾ ਵੀ ਹਕੀਕਤ ਦਾ ਰੂਪ ਧਾਰ ਸਕਦਾ ਹੈ। ਇਸ ਗੱਲ ਨੂੰ ਸੱਚ ਸਾਬਤ ਕੀਤਾ ਹੈ ਸੀ.ਟੀ. ਯੂਨੀਵਰਸਿਟੀ ਜਗਰਾਉਂ ਦੀ ਬੀ.ਏ. ਦੂਜੇ ਸਾਲ ਦੀ ਵਿਦਿਆਰਥਣ ਸਨੇਹਾ ਘਰਾਮੀ ਨੇ, ਜਿਸ ਦੀ ਚੋਣ ਕੈਨੇਡਾ ਦੇ ਵਿਨੀਪੈੱਗ ਵਿੱਚ ਹੋਣ ਵਾਲੀ ਰਾਸ਼ਟਰ ਮੰਡਲ (ਕਾਮਨ ਵੈਲਥ) ਪਾਵਰਲਿਫਟਿੰਗ ਚੈਂਪੀਅਨਸ਼ਿਪ-2026 ਲਈ ਭਾਰਤੀ ਟੀਮ ਵਿੱਚ ਹੋਈ ਹੈ। ਪੱਛਮੀ ਬੰਗਾਲ ਦੇ ਹਾਵੜਾ ਨਾਲ ਸਬੰਧਤ ਸਨੇਹਾ ਘਰਾਮੀ 17 ਤੋਂ 27 ਸਤੰਬਰ ਤੱਕ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਜੂਨੀਅਰ 76 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਦੀ ਚੋਣ ਹੈਦਰਾਬਾਦ ਵਿੱਚ ਕਰਵਾਈ ਗਈ ਰਾਸ਼ਟਰੀ ਇਕੁਇਪਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਹੋਈ। ਸਨੇਹਾ ਨੇ ਮੁਕਾਬਲੇ ਦੌਰਾਨ ਸਕੁਐਟ ਵਿੱਚ 222.5 ਕਿਲੋਗ੍ਰਾਮ ਭਾਰ ਚੁੱਕ ਕੇ ਆਪਣਾ ਹੀ 212.5 ਕਿਲੋਗ੍ਰਾਮ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੁਐਟ ਅਤੇ ਡੈੱਡਲਿਫਟ ਵਿੱਚ ਸੋਨ ਤਗਮੇ ਜਿੱਤੇ, ਜਦਕਿ ਬੈਂਚ ਪ੍ਰੈੱਸ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਸਨੇਹਾ ਦੀ ਇਹ ਸਫ਼ਲਤਾ ਸਿਰਫ਼ ਖੇਡ ਪ੍ਰਤਿਭਾ ਦਾ ਨਤੀਜਾ ਨਹੀਂ, ਸਗੋਂ ਲੰਬੇ ਸੰਘਰਸ਼, ਅਨੁਸ਼ਾਸਨ ਅਤੇ ਅਥਾਹ ਮਿਹਨਤ ਦੀ ਦਾਸਤਾਨ ਵੀ ਹੈ। ਸਧਾਰਨ ਆਰਥਿਕ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਸਨੇਹਾ ਨੂੰ ਆਪਣੇ ਖੇਡ ਕੈਰੀਅਰ ਦੌਰਾਨ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੀਟੀ ਯੂਨੀਵਰਸਿਟੀ ਦੀ ਸਪੋਰਟਸ ਸਕਾਲਰਸ਼ਿਪ ਨੇ ਉਨ੍ਹਾਂ ਲਈ ਪੜ੍ਹਾਈ ਅਤੇ ਖੇਡ ਨੂੰ ਇਕੱਠੇ ਜਾਰੀ ਰੱਖਣ ਦਾ ਰਾਹ ਸੁਖਾਲਾ ਬਣਾਇਆ, ਜਿਸ ਨਾਲ ਉਹ ਆਪਣੀ ਤਿਆਰੀ ਨੂੰ ਨਿਰੰਤਰ ਜਾਰੀ ਰੱਖ ਸਕੀ। ਸਨੇਹਾ ਦਾ ਖੇਡ ਸਫ਼ਰ ਪਹਿਲਾਂ ਵੀ ਕਈ ਉਪਲਬਧੀਆਂ ਨਾਲ ਰੌਸ਼ਨ ਰਿਹਾ ਹੈ। ਉਹ ਏਸ਼ੀਅਨ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਿੰਨ ਸੋਨ ਤਗਮੇ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਈ ਰਾਸ਼ਟਰੀ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ-2024 ਅਤੇ ਦਿੱਲੀ ਵਿੱਚ ਕਰਵਾਏ ਗਏ ਫੈਡਰੇਸ਼ਨ ਕੱਪ ਪਾਵਰਲਿਫਟਿੰਗ ਚੈਂਪੀਅਨਸ਼ਿਪ-2024 ਵਿੱਚ ਵੀ ਓਵਰਆਲ ਸੋਨ ਤਗਮੇ ਆਪਣੇ ਨਾਮ ਕਰ ਚੁੱਕੀ ਹੈ। ਸੀ.ਟੀ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਨੇਹਾ ਦੀ ਪ੍ਰਾਪਤੀ ਸਿਰਫ਼ ਇੱਕ ਖਿਡਾਰਨ ਦੀ ਸਫ਼ਲਤਾ ਨਹੀਂ, ਸਗੋਂ ਇਹ ਸੰਘਰਸ਼, ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਅੱਗੇ ਵਧਣ ਲਈ ਲੋੜੀਂਦਾ ਮਾਹੌਲ ਅਤੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਭਾਰਤੀ ਟੀਮ ਵਿੱਚ ਸਨੇਹਾ ਦੀ ਚੋਣ ਸਮੁੱਚੇ ਯੂਨੀਵਰਸਿਟੀ ਪਰਿਵਾਰ ਲਈ ਮਾਣ ਦੀ ਗੱਲ ਹੈ। ਡਾਇਰੈਕਟਰ ਸਪੋਰਟਸ ਗੁਰਦੀਪ ਸਿੰਘ ਨੇ ਕਿਹਾ ਕਿ ਸਨੇਹਾ ਨੇ ਆਪਣੇ ਅਨੁਸ਼ਾਸਨ, ਸਮਰਪਣ ਅਤੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਅੰਤਰਰਾਸ਼ਟਰੀ ਮੰਚ ‘ਤੇ ਵੀ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਡਿਪਾਰਟਮੈਂਟ ਆਫ਼ ਸਟੂਡੈਂਟ ਵੈਲਫੇਅਰ ਦੇ ਡਾਇਰੈਕਟਰ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਸਨੇਹਾ ਦੀ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਪ੍ਰਤਿਭਾ ਨੂੰ ਸਹੀ ਦਿਸ਼ਾ ਅਤੇ ਮੌਕੇ ਮਿਲਣ ਤਾਂ ਹਰ ਰੁਕਾਵਟ ਨੂੰ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਹਰ ਪੱਖੋਂ ਪ੍ਰਗਤੀ ਲਈ ਨਿਰੰਤਰ ਯਤਨਸ਼ੀਲ ਹੈ।ਆਰਥਿਕ ਸੰਘਰਸ਼ਾਂ ਵਿਚੋਂ ਉੱਠ ਕੇ ਭਾਰਤੀ ਜਰਸੀ ਤੱਕ ਪੁੱਜੀ ਸਨੇਹਾ ਘਰਾਮੀ ਦੀ ਇਹ ਪ੍ਰਾਪਤੀ ਅੱਜ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਗਈ ਹੈ, ਜੋ ਸੀਮਤ ਸਰੋਤਾਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਹੌਸਲਾ ਰੱਖਦੇ ਹਨ। ਉਨ੍ਹਾਂ ਦਾ ਇਹ ਸਫ਼ਰ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਰਹਿੰਦੀ।
ਰਾਸ਼ਟਰਮੰਡਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ਸੀ.ਟੀ. ਯੂਨੀਵਰਸਿਟੀ ਦੀ ਵਿਦਿਆਰਥਣ ਸਨੇਹਾ ਘਰਾਮੀ
ਅਜੀਤ ਡੈਸਕ
01-08-2026