ਬਲਾਚੌਰ, 12 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਸੰਤ ਉਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਪਹਿਲਾਂ ਤੋਂ ਚੱਲ ਰਹੀਆਂ ਹੋਰ ਸਿਹਤ ਸੇਵਾਵਾਂ ਦੇ ਨਾਲ-ਨਾਲ ਹੁਣ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਸੇਵਾ ਵੀ ਕੱਲ੍ਹ ਤੋਂ ਆਰੰਭ ਹੋ ਰਹੀ ਹੈ | ਇਹ ਜਾਣਕਾਰੀ ਸੰਤ ਉਅੰਕਾਰ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬਾਬਾ ਅਮਰੀਕ ਸਿੰਘ ਅਤੇ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ (ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨਵਾਸ਼ਹਿਰ) ਨੇ ਦਿੰਦਿਆਂ ਦੱਸਿਆ ਕਿ ਬਲਾਚੌਰ ਇਲਾਕੇ ਵਿੱਚ ਅੱਖਾਂ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਬਹੁਤ ਘੱਟ ਰੇਟਾਂ 'ਤੇ ਮਰੀਜਾਂ ਨੂੰ ਅਪਰੇਸ਼ਨਾਂ ਦੀ ਸੇਵਾ ਮੁਹੱਈਆ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਸੇਵਾ ਦਾ ਅਰੰਭ ਮਿਤੀ 14 ਫਰਵਰੀ ਨੂੰ ਪੰਥ ਦੇ ਮਹਾਨ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਅਰਦਾਸ ਕਰਨ ਉਪਰੰਤ ਕਰਨਗੇ | ਪੰਜਾਬ ਵਿੱਚ ਮੁਫ਼ਤ ਡਾਇਲਸਿਸ ਸੇਵਾਵਾਂ ਮੁਹੱਈਆ ਕਰਨ ਵਾਲੀ ਸੰਸਥਾ ਮਾਤਾ ਗੁਜਰੀ ਜੀ ਟਰੱਸਟ ਜਗਰਾਉਂ ਦੇ ਪ੍ਰਧਾਨ ਸ: ਗੁਰਤਾਜ ਸਿੰਘ ਇਸ ਸੇਵਾ ਦਾ ਰਸਮੀ ਤੌਰ 'ਤੇ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨਗੇ | ਹਸਪਤਾਲ ਵਿਖੇ ਇਹ ਸੇਵਾਵਾਂ ਡਾਕਟਰ ਮਨਦੀਪ ਕੌਰ ਆਈ ਸਰਜਨ ਅਤੇ ਉਨ੍ਹਾਂ ਦੀ ਟੀਮ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ | ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਸੰਤ ਓਅੰਕਾਰ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਹੋਰ ਸੇਵਾਵਾਂ ਦੇ ਨਾਲ-ਨਾਲ ਇਸ ਸੇਵਾ ਦਾ ਲਾਭ ਉਠਾਉਣ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਟਰੱਸਟ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਦੀ ਇੱਛਾ ਅਨੁਸਾਰ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਘੱਟ ਤੋਂ ਘੱਟ ਖਰਚੇ 'ਤੇ ਉਪਲੱਬਧ ਕਰਾਉਣ ਲਈ ਵਚਨਬੱਧ ਹੈ | ਇਸ ਮੌਕੇ ਉਹਨਾਂ ਦੇ ਨਾਲ ਉੱਘੇ ਸਮਾਜ ਸੇਵੀ ਟਰੱਸਟ ਦੇ ਸਕੱਤਰ ਮਹਿੰਦਰਪਾਲ ਸਿੰਘ ਜਲਵਾਹਾ, ਕੈਸ਼ੀਅਰ ਸੁਰਿੰਦਰ ਸਿੰਘ ਸੋਇਤਾ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੈਂਬਰ ਜਸਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ |