ਨਵਾਂਸ਼ਹਿਰ, 12 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਵੱਖ-ਵੱਖ ਟਰੇਡ ਯੂਨੀਅਨਾਂ, ਕਿਸਾਨ ਯੂਨੀਅਨਾਂ, ਵੱਡੇ ਸ਼ਹਿਰਾਂ ਦੇ ਕਈ ਬਜ਼ਾਰ, ਅੱਧੇ ਤੋਂ ਜ਼ਿਆਦਾ ਸਰਕਾਰੀ ਬੈਂਕਾਂ, ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ, ਕਈ ਸੂਬਿਆਂ ਦੇ ਸਕੂਲ ਬੰਦ ਰੱਖਣ ਦੀ ਕਾਲ ਦਿੱਤੀ ਗਈ ਸੀ | ਸਰਕਾਰੀ ਸਕੂਲਾਂ ਦੇ ਮਿਡ- ਡੇ-ਮੀਲ ਵਰਕਰਾਂ ਵਲੋਂ ਆਪਣਾ ਮਾਣ ਭੱਤਾ/ਤਨਖਾਹ ਵਧਾਉਣ ਦੀ ਮੰਗ ਨੂੰ ਲੈਕੇ ਬੰਦ ਦਾ ਸਮਰਥਨ ਕਰਦੇ ਇੱਕ ਦਿਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤੇ ਜਾਣ ਕਾਰਨ ਸਕੂਲਾਂ ਵਿੱਚ ਪੜ੍ਹਦੇ ਬੱਚੇ ਮਿਡ-ਡੇ-ਮੀਲ ਦੇ ਖਾਣੇ ਤੋਂ ਵਾਂਝੇ ਰਹਿਣ, ਪ੍ਰਭਾਵਿਤ ਹੋ ਗਏ ਸਨ | ਵਿਭਾਗ ਵੱਲੋਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਲਾਜ਼ਮੀ ਪ੍ਰੋਸਣ ਦੇ ਤੁਗਲਕੀ ਫੁਰਮਾਨ ਜਾਰੀ ਹੋਣ ਕਾਰਨ ਬੱਚਿਆਂ ਦੇ ਖਾਣੇ ਦਾ ਧਿਆਨ ਰੱਖਦਿਆਂ ਸਥਾਨਕ ਸਰਕਾਰੀ ਸਕੂਲ ਦੇ ਅਧਿਆਪਕਾਂ ਵਲੋਂ ਖੁੱਦ ਬੱਚਿਆਂ ਲਈ ਮਿਡ-ਡੇ-ਮੀਲ ਤਿਆਰ ਕਰਕੇ ਖਵਾਉਣ ਦੀ ਵਾਹ ਵਾਹ ਖੱਟੀ | ਇਸ ਸ਼ਲਾਘਾਯੋਗ ਕੀਤੇ ਉਪਰਾਲੇ ਸਬੰਧੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਕਿਸੇ ਵੀ ਦਬਾਅ ਤੋਂ ਬਗੈਰ ਆਪਣੇ ਸ਼ੌਕ ਵਜੋਂ ਬੱਚਿਆਂ ਲਈ ਮਿਡ ਡੇ ਮੀਲ ਤਿਆਰ ਕਰਨ ਦੀ ਇਹ ਸੇਵਾ ਨਿਭਾ ਕੇ ਖੁਸ਼ੀ ਪ੍ਰਾਪਤ ਕੀਤੀ ਹੈ |