ਮਜਾਰੀ/ਸਾਹਿਬਾ, 12 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ ਦੀ ਹਾਲਤ ਦਿਨ ਪਰ ਦਿਨ ਹਾਲੋਂ ਬੇਹਾਲ ਹੋਈ ਜਾ ਰਹੀ ਹੈ | ਇਸ ਬਾਰੇ ਚਣਕੋਆ ਅੱਡੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮਾਰਗ 'ਚ ਥਾਂ ਥਾਂ ਡੂੰਘੇ ਟੋਏ ਬਣਦੇ ਜਾ ਰਹੇ ਹਨ | ਪਰ ਅੱਡੇ ਵਿਚ ਬਣਦੇ ਚੁਰਸਤੇ ਜਿਸ ਦੀ ਇਕ ਸੜਕ ਪਿੰਡ ਚਣਕੋਆ ਤੇ ਦੂਸਰੇ ਪਾਸੇ ਦੀ ਸੜਕ ਪਿੰਡ ਸਿੰਬਲ ਮਜਾਰਾ ਨੂੰ ਜਾਂਦੀ ਹੈ | ਇਸ ਦੇ ਵਿਚਕਾਰ ਇਕ ਕਾਫੀ ਡੂੰਘਾ ਟੋਆ ਬਣ ਚੁੱਕਾ ਹੈ | ਜਿਸ ਦਾ ਪਤਾ ਬਿਲਕੁਲ ਨੇੜੇ ਆ ਕੇ ਹੀ ਲੱਗਦਾ ਹੈ | ਇਸ ਟੋਏ 'ਚ ਵੱਜ ਕੇ ਚਾਰ ਪਹੀਆ ਵਾਹਨ ਹਾਦਸਾ ਗ੍ਰਸਤ ਹੋ ਰਹੇ ਹਨ | ਦੋ ਪਹੀਆ ਵਾਹਨ ਡਿੱਗ ਕੇ ਸੱਟਾਂ ਖਾਹ ਰਹੇ ਹਨ | ਇਸ ਟੋਏ ਨੂੰ ਕਈ ਵਾਰ ਇੱਟਾਂ ਰੋੜੇ ਪਾ ਕੇ ਪੂਰਿਆ ਗਿਆ | ਪਰ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇਹ ਫਿਰ ਨਿਕਲ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਇਕ ਵਾਰ ਲੁੱਕ ਬਜਰੀ ਨਾਲ ਇਸ ਨੂੰ ਪੂਰਿਆ ਗਿਆ ਸੀ | ਜੋ ਬਹੁਤਾ ਸਮਾਂ ਟਿੱਕ ਨਹੀ ਸਕੀ | ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਣਕੋਆ ਅੱਡੇ ਤੇ ਹੋਰ ਥਾਵਾਂ 'ਤੇ ਪਏ ਟੋਇਆਂ ਨੂੰ ਜਲਦੀ ਠੀਕ ਕੀਤਾ ਜਾਵੇ |