ਬਲਾਚੌਰ, 12 ਫਰਵਰੀ (ਨਰੇਸ਼ ਧੌਲ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਬਲਾਚੌਰ ਵਲੋਂ ਜ਼ਿਲ੍ਹਾ ਪ੍ਰਧਾਨ ਸੋਮ ਲਾਲ ਥੋਪੀਆ ਅਤੇ ਸੋਹਣ ਸਿੰਘ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮਹਿੰਦੀਪੁਰ ਬਲਾਚੌਰ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਪੈਨਸ਼ਨਰ ਸਾਥੀ ਸਰਦਾਰ ਹਰਿੰਦਰ ਸਿੰਘ ਮੰਢਿਆਣੀ, ਵਿਨੋਦ ਕੁਮਾਰ ਬਲਾਚੌਰ ਅਤੇ ਸੁੱਚਾ ਸਿੰਘ ਕਲਰਕ ਦੇ ਸਤਿਕਾਰਯੋਗ ਚਾਚਾ ਚਰਨ ਸਿੰਘ ਦੀ ਅਚਾਨਕ ਮੌਤ ਹੋਣ ਦਾ ਗਹਿਰਾ ਦੁੱਖ ਪ੍ਰਗਟਾਇਆ ਗਿਆ ਅਤੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਸੋਮ ਲਾਲ ਥੋਪੀਆ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦਿਆਂ ਹੋਇਆ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਜ਼ ਯੂਨੀਅਨ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਲਤਵੀ ਕੀਤਾ ਗਿਆ ਹੈ | ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀ ਕਿਸੇ ਵੀ ਮੰਗ ਨੂੰ ਹੱਲ ਨਹੀਂ ਕੀਤਾ ਗਿਆ | ਗਿਆਨ ਸਿੰਘ ਰੱਕੜਾਂ ਬੇਟ, ਤਰਨਜੀਤ ਸਿੰਘ ਸੇਵਾ ਮੁਕਤ ਡੀ. ਈ. ਓ, ਪਿ੍ੰ. ਦਿਲਬਾਗ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦਾ 2.59 ਅਤੇ 16 ਫੀਸਦੀ ਡੀ.ਏ ਕੋਟ ਵੱਲੋਂ ਕਹਿਣ 'ਤੇ ਵੀ ਸਰਕਾਰ ਨੇ ਨਹੀਂ ਦਿੱਤਾ | ਮੀਟਿੰਗ 'ਚ ਦੇਸ਼ ਦੀਆਂ ਸਾਰੀਆਂ ਟ੍ਰੇਡ ਯੂਨੀਅਨ ਦੇ ਸੱਦੇ 'ਤੇ ਅੱਜ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੌਰਾਨ ਬੱਸ ਅੱਡਾ ਨਵਾਂਸ਼ਹਿਰ ਵਿਖੇ ਰੈਲੀ ਅਤੇ ਮੁਜਾਰੇ ਵਿੱਚ ਸ਼ਾਮਲ ਹੋ ਕੇ ਸਮਰਥਨ ਕੀਤਾ ਗਿਆ | ਮੀਟਿੰਗ ਵਿੱਚ ਹਰਭਜਨ ਸਿੰਘ ਗਹੂੰਣ, ਮਨੋਹਰ ਲਾਲ ਕਟਾਰੀਆ, ਰਮੇਸ਼ ਕੁਮਾਰ, ਕੁਲਦੀਪ ਸਿੰਘ ਢੀਂਡਸਾ, ਦਰਸ਼ਨ ਦੇਵ, ਜਰਨੈਲ ਸਿੰਘ ਕੰਗ, ਸੇਵਕ ਕੁਮਾਰ, ਸਮੁੱਚੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ |