ਬਹਿਰਾਮ, 13 ਫਰਵਰੀ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 10ਵਾਂ ਅੰਤਰਰਾਸ਼ਟਰੀ ਕਬੱਡੀ ਕੱਪ 16 ਫਰਵਰੀ ਨੂੰ ਗੁਰੂ ਰਵਿਦਾਸ ਸਪੋਰਟਸ ਐਂਡ ਕਲਚਰ ਕਲੱਬ ਘੁੰਮਣ ਵਲੋਂ ਚੇਅਰਮੈਨ ਬਲਵੀਰ ਬੈਂਸ ਕੈਨੇਡਾ, ਪ੍ਰਧਾਨ ਪਾਲ ਸਿੰਘ ਮੇਹਲੀਆਣਾ, ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ ਹੈ | ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਜਿਥੇ ਉਕਤ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਉਥੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ ਕਿ ਸਤਿਗੁਰਾਂ ਦੇ ਨਾਮ 'ਤੇ ਕਬੱਡੀ ਟੂਰਨਾਮੈਂਟ ਕਰਾਉਣ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਮੁੱਖ ਉਪਰਾਲਾ ਹੈ | ਮੁੱਖ ਪ੍ਰਬੰਧਕ ਬਲਵੀਰ ਬੈਂਸ ਨੇ ਦੱਸਿਆ ਕਿ ਟੂਰਨਾਮੈਂਟ 'ਚ ਲੜਕਿਆਂ ਦੇ 4 ਕਲੱਬਾਂ ਦੇ ਮੁਕਾਬਲੇ ਅਤੇ ਲੜਕੀਆਂ ਦੇ 6 ਟੀਮਾਂ ਦੇ ਮੁਕਾਬਲੇ ਹੋਣਗੇ | ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਦੋ ਲੱਖ ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਡੇਢ ਲੱਖ ਰੁ: ਦਿੱਤਾ ਜਾਵੇਗਾ ਤੇ ਲੜਕੀਆਂ ਵਾਲੀ ਟੀਮ ਨੂੰ ਪਹਿਲਾ ਇਨਾਮ 41 ਹਜ਼ਾਰ ਤੇ ਦੂਸਰਾ 31 ਹਜ਼ਾਰ ਦਿੱਤਾ ਜਾਵੇਗਾ | ਉਨ੍ਹਾਂ ਹੋਰ ਕਿਹਾ ਕਿ ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ ਮੋਟਰ ਸਾਇਕਲ ਨਾਲ ਸਨਮਾਨਿਤ ਕੀਤਾ ਜਾਵੇਗਾ |