ਨਵਾਂਸ਼ਹਿਰ/ਉਸਮਾਨਪੁਰ, 13 ਫਰਵਰੀ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਲੀਡ ਜ਼ਿਲ੍ਹਾ ਮੈਨੇਜਰ ਸ਼ਹੀਦ ਭਗਤ ਸਿੰਘ ਨਗਰ ਨੇ ਵਿੱਤੀ ਸਾਖਰਤਾ ਹਫ਼ਤੇ ਦੀ ਚੱਲ ਰਹੀ ਮੁਹਿੰਮ ਤਹਿਤ ਇੱਕ ਵਿੱਤੀ ਸਾਖਰਤਾ ਕੈਂਪ ਲਗਾਇਆ | ਰਾਜੇਸ਼ ਮੋਹਨ ਭਗਤ ਚੀਫ਼ ਐਲ.ਡੀ.ਐਮ, ਐਸ.ਬੀ.ਐਸ ਨਗਰ ਨੇ ਕੈਂਪ ਦੀ ਮੇਜ਼ਬਾਨੀ ਕੀਤੀ | ਕੈਂਪ 'ਚ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਐਲ.ਡੀ.ਓ, ਐਚ.ਐਲ. ਭਾਟੀਆ ਵੀ ਸ਼ਾਮਿਲ ਹੋਏ | ਵਿੱਤੀ ਸਾਖਰਤਾ ਕੇਂਦਰਾਂ ਨੇ ਵੀ ਇਸ ਕੈਂਪ ਵਿੱਚ ਹਿੱਸਾ ਲਿਆ | ਸ਼੍ਰੀਮਤੀ ਸੋਨੀਆ ਢਾਂਡੇ (ਪੀ.ਐਨ.ਬੀ, ਐਲ.ਡੀ.ਐਮ ਦਫ਼ਤਰ), ਰਿਤਿਕ ਵਿਸ਼ਵਾਸ ਮੈਨੇਜਰ ਪੀ.ਐਨ.ਬੀ ਉਸਮਾਨਪੁਰ ਅਤੇ ਮਨਜੋਤ ਸਿੰਘ ਮੈਨੇਜਰ ਸਹਿਕਾਰੀ ਬੈਂਕ ਉਸਮਾਨਪੁਰ ਕੈਂਪ 'ਚ ਸ਼ਾਮਿਲ ਹੋਏ ਅਤੇ ਇਕੱਠ ਨੂੰ ਸੰਬੋਧਨ ਕੀਤਾ | ਕੈਂਪ 'ਚ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮਤਾ ਦੀਆਂ ਹੋਰ ਮਹਿਲਾਵਾਂ ਨੇ ਸ਼ਿਰਕਤ ਕੀਤੀ | ਐਲ.ਡੀ.ਐਮ ਦਫ਼ਤਰ ਤੋਂ ਸ਼੍ਰੀਮਤੀ ਰਜਨੀ ਵਿੱਤੀ ਸਾਖਰਤਾ ਸਲਾਹਕਾਰ ਨੇ ਕੈਂਪ ਦੀ ਸ਼ੁਰੂਆਤ ਐਚ.ਐਲ ਭਾਟੀਆ, ਵੱਖ-ਵੱਖ ਦਫ਼ਤਰਾਂ ਦੇ ਸਟਾਫ਼ ਅਤੇ ਇਕੱਠ ਦਾ ਸਵਾਗਤ ਕਰਕੇ ਕੀਤੀ | ਉਨ੍ਹਾਂ ਨੇ ਇਸ ਵਿੱਤੀ ਸਾਖਰਤਾ ਹਫ਼ਤੇ ਦੇ ਜਸ਼ਨ ਦੇ ਉਦੇਸ਼ ਬਾਰੇ ਜਾਣੂੰ ਕਰਵਾਇਆ | ਇਸ ਤੋਂ ਇਲਾਵਾ, ਐਚ.ਐਲ ਭਾਟੀਆ ਐਲ.ਡੀ.ਓ ਆਰ.ਬੀ.ਆਈ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕੇ.ਵਾਈ.ਸੀ ਅਤੇ ਰੀ-ਕੇ.ਵਾਈ.ਸੀ ਦੇ ਨਾਲ-ਨਾਲ ਵੱਖ-ਵੱਖ ਵਿੱਤੀ ਯੋਜਨਾਵਾਂ ਦੀ ਮਹੱਤਤਾ ਬਾਰੇ ਦੱਸਿਆ | ਰਾਜੇਸ਼ ਮੋਹਨ ਭਗਤ ਚੀਫ਼ ਐਲ.ਡੀ.ਐਮ ਨੇ ਵੀ ਮਹਿਲਾ ਉੱਦਮੀਆਂ ਲਈ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਕਰਜ਼ਾ ਯੋਜਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਸੈਂਟਰ ਆਫ਼ ਫਾਈਨੈਂਸ਼ੀਅਲ ਲਿਟਰੇਸੀ ਸਰੋਆ ਤੋਂ ਮਿਸ ਗਗਨਦੀਪ ਕੌਰ ਨੇ ਬੈਂਕ ਖਾਤਿਆਂ ਨਾਲ ਸਬੰਧਤ ਵੱਖ-ਵੱਖ ਧੋਖਾਧੜੀਆਂ ਬਾਰੇ ਵੀ ਜਾਣਕਾਰੀ ਦਿੱਤੀ | ਸਹਿਕਾਰੀ ਬੈਂਕ ਦੇ ਮੈਨੇਜਰ ਮਨਜੋਤ ਸਿੰਘ ਨੇ ਔਰਤਾਂ ਵਿੱਚ ਸਵੈ-ਰੁਜ਼ਗਾਰ ਪੈਦਾ ਕਰਨ ਲਈ ਸਵੈ-ਸਹਾਇਤਾ ਸਮੂਹ ਕਰਜ਼ਿਆਂ, ਜੇ.ਐਲ.ਜੀ ਕਰਜ਼ਿਆਂ ਅਤੇ ਹੋਰ ਕਰਜ਼ਿਆਂ ਬਾਰੇ ਦੱਸਿਆ | ਸ਼੍ਰੀਮਤੀ ਸੋਨੀਆ ਢਾਂਡੇ ਨੇ ਇਕੱਠੇ ਹੋਏ ਸਵੈ-ਸਹਾਇਤਾ ਸਮੂਹ ਮੈਂਬਰਾਂ ਨੂੰ ਵੱਖ-ਵੱਖ ਬੈਂਕ ਕਰਜ਼ਿਆਂ ਅਤੇ ਸਰਕਾਰੀ ਯੋਜਨਾਵਾਂ ਰਾਹੀਂ ਰੁਜ਼ਗਾਰ ਪੈਦਾ ਕਰਕੇ ਵੱਧ ਤੋਂ ਵੱਧ ਔਰਤਾਂ ਨੂੰ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕਰਨ ਲਈ ਕਿਹਾ |