ਬਕਾਪੁਰ ਵਿਖੇ ਅੱਖਾਂ ਦੇ ਆਪ੍ਰੇਸ਼ਨ ਤੇ ਜਨਰਲ ਬਿਮਾਰੀਆਂ ਦੇ ਕੈਂਪ 'ਚ 300 ਮਰੀਜ਼ਾਂ ਦੀ ਜਾਂਚ ਕੀਤੀ
ਅਜੀਤ ਡੈਸਕ
14-02-2026
ਬਕਾਪੁਰ ਵਿਖੇ ਕੈਂਪ ਦਾ ਉਦਘਾਟਨ ਕਰਦੇ ਜੋਗਾ ਸਿੰਘ ਯੂ.ਐਸ.ਏ |
ਮਜਾਰੀ/ਸਾਹਿਬਾ, 13 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸਵ. ਜਥੇਦਾਰ ਸੁੱਚਾ ਸਿੰਘ ਬਕਾਪੁਰ ਦੀ ਨਿੱਘੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਬਕਾਪੁਰ ਵਿਖੇ ਅੱਖਾਂ ਦੇ ਆਪ੍ਰੇਸ਼ਨ ਅਤੇ ਜਨਰਲ ਬਿਮਾਰੀਆਂ ਦੇ ਮੁਫ਼ਤ ਜਾਂਚ ਦਾ ਸਾਲਾਨਾ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਜੋਗਾ ਸਿੰਘ ਮੰਡੇਰ ਯੂ.ਐਸ.ਏ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਕਿਰਤ 'ਚੋਂ ਦਸਵੰਧ ਕੱਢਕੇ ਲੋੜਵੰਦਾਂ ਲਈ ਵਰਤਣਾ ਚਾਹੀਦਾ ਹੈ | ਲੋੜਵੰਦਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ | ਇਸ ਮੌਕੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਤੋਂ ਟਰੱਸਟੀ ਰਘਵੀਰ ਸਿੰਘ ਤੇ ਬੀਬੀ ਸੁਸ਼ੀਲ ਕੌਰ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਅਤੇ ਜਨਰਲ ਬਿਮਾਰੀਆਂ ਦੇ ਕੁੱਲ 300 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਅੱਖਾਂ ਦੇ ਕੈਂਪ ਵਿਚ ਡਾ. ਭਾਨੂੰ ਯਾਦਵ ਵਲੋਂ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕਰਕੇ 35 ਮਰੀਜ਼ਾਂ ਦੇ ਲੈਂਜ ਪਾਉਣ ਦੀ ਚੋਣ ਕੀਤੀ | ਜਿਨ੍ਹਾਂ ਦੇ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਵਿਖੇ ਲੈਂਜ਼ ਪਾਏ ਜਾਣਗੇ | 80 ਲੋੜਵੰਦਾਂ ਨੂੰ ਐਨਕਾਂ ਤੇ ਬਾਕੀਆਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ | ਇਸੇ ਤਰਾਂ ਜਨਰਲ ਬਿਮਾਰੀਆਂ ਦੇ ਡਾ. ਸਤੀਸ਼ ਅਨੰਦ ਅਤੇ ਗਾਇਨੀ ਦੇ ਡਾ. ਪੂਨਮ ਅਨੰਦ ਵਲੋਂ ਆਏ ਹੋਏ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ | ਸਾਰੇ ਮਰੀਜ਼ਾਂ ਦਾ ਬੀ.ਪੀ ਤੇ ਸ਼ੂਗਰ ਵੀ ਚੈੱਕ ਕੀਤੇ ਗਏ | ਇਸ ਮੌਕੇ ਬਲਿਹਾਰ ਸਿੰਘ ਤੇ ਤਰਸੇਮ ਸਿੰਘ ਕਾਲਾ ਦੋਵੇਂ ਯੂ.ਕੇ, ਗੁਰਦੀਪ ਸਿੰਘ ਮੰਡੇਰ, ਅਜੀਤ ਸਿੰਘ, ਪ੍ਰਧਾਨ ਹਰਨੇਕ ਸਿੰਘ, ਬਲਵੰਤ ਸਿੰਘ, ਸੰਤੋਸ਼ ਰਾਣੀ ਸੰਮਤੀ ਮੈਂਬਰ, ਕਸ਼ਮੀਰ ਕੌਰ ਯੂ.ਕੇ, ਸਰਬਜੀਤ ਕੌਰ, ਹਰਿੰਦਰ ਕੌਰ, ਬਲਜਿੰਦਰ ਕੌਰ ਸਰਪੰਚ, ਬਲਜੀਤ ਕੌਰ ਪੰਚ, ਪਰਵਿੰਦਰ ਕੌਰ ਪੰਚ, ਜੁਝਾਰ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਬਲਿਹਾਰ ਸਿੰਘ, ਸੁਖਦੇਵ ਸਿੰਘ, ਰਾਮ ਲਾਲ ਭੱਟੀ, ਅਮਰਜੀਤ ਸਿੰਘ, ਅੰਜੂ ਬਾਲਾ, ਮੀਨਾਕਸ਼ੀ, ਗਗਨਪ੍ਰੀਤ ਆਦਿ ਹਾਜ਼ਰ ਸਨ |