ਸੜੋਆ, 14 ਫਰਵਰੀ (ਹਰਮੇਲ ਸਹੂੰਗੜਾ) - ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿੱਚ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਚੰਗੀ ਸਫਲਤਾ ਅਤੇ ਰੱਬ ਦੀ ਕਿਰਪਾ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਸਭ ਦੇ ਚੰਗੇ ਨਤੀਜਿਆਂ ਲਈ ਅਰਦਾਸ ਕੀਤੀ ਗਈ | ਇਸ ਦੌਰਾਨ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਐਮ. ਡੀ ਤੇ ਪ੍ਰਬੰਧਕ ਸੰਜੇ ਮਲਹੋਤਰਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ | ਗੁਰਵਿੰਦਰ ਕੌਰ ਅਤੇ ਜਸ਼ਨਦੀਪ ਨੂੰ 15,000-15,000 ਰੁਪਏ ਅਤੇ ਰਾਜਵੀਰ ਕੌਰ ਨੂੰ 10,000 ਰੁਪਏ ਨਕਦ ਇਨਾਮ ਦੇ ਕੇ ਹੌਂਸਲਾ ਅਫ਼ਜ਼ਾਈ ਕੀਤੀ ਗਈ | ਐਮ.ਡੀ. ਸੰਜੇ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਨੇ ਵੀ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਅਸੀਸਾਂ ਦਿੱਤੀਆਂ | ਇਸ ਮੌਕੇ ਪਿ੍ੰਸੀਪਲ ਗੀਤਿਕਾ ਚੰਦੇਲ ਨੇ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਵਿਸ਼ਵਾਸ ਨਾਲ ਹੀ ਵਿਦਿਆਰਥੀ ਜੀਵਨ ਵਿੱਚ ਉੱਚੀਆਂ ਉਡਾਣਾਂ ਭਰ ਸਕਦੇ ਹਨ |