ਬਲਾਚੌਰ, 15 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਆਮ ਆਦਮੀ ਪਾਰਟੀ ਸਰਕਾਰ ਇੱਕ ਐਸ.ਸੀ ਸਮਾਜ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸਰਕਾਰ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਸਿਰਫ਼ ਸੋਸ਼ਲ ਮੀਡੀਆ ਉੱਤੇ ਝੂਠ ਦਾ ਪ੍ਰਚਾਰ ਕਰਕੇ ਲੋਕਾਂ ਦੀਆਂ ਅੱਖਾਂ 'ਚ ਧੂੜ ਝੋਕਦੀ ਰਹੀ ਹੈ, ਆਪ ਸਰਕਾਰ ਵੱਲੋਂ ਹਲਕਾ ਬਲਾਚੌਰ ਦੇ ਪਿੰਡ ਗਹੂੰਣ ਵਿਖੇ ਗਹੂੰਣ ਤੋਂ ਨਿਊ ਕਲੋਨੀ ਰੱਕੜਾਂ ਬੇਟ ਤੱਕ ਬਣੀ ਸੜਕ ਉੱਤੇ ਆਪਣੀ ਮਸ਼ਹੂਰੀ ਦਾ ਬੋਰਡ ਲਗਾਇਆ ਗਿਆ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸੜਕ ਪਿਛਲੀ ਸਰਕਾਰ ਕਾਂਗਰਸ ਵੇਲੇ ਬਣਾਈ ਗਈ ਸੀ | ਆਪ ਸਰਕਾਰ ਵੱਲੋਂ ਇਸ ਸੜਕ ਦੀ ਮੁਰੰਮਤ ਕਰਨ ਉਪਰੰਤ ਆਪਣਾ ਬੋਰਡ ਲਗਾਇਆ ਗਿਆ, ਹੱਦ ਉਦੋਂ ਪਾਰ ਹੋਈ ਜਦ ਇਸ ਬੋਰਡ ਉੱਤੇ ਐਸ.ਸੀ ਸਮਾਜ ਨੂੰ ਜਾਤੀ ਸੂਚਕ ਸ਼ਬਦ ਨਾਲ ਲਿਖਦਿਆਂ ਐਸ.ਸੀ ਸਮਾਜ ਅਤੇ ਸੰਵਿਧਾਨ ਦਾ ਅਪਮਾਨ ਕੀਤਾ ਗਿਆ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ, ਐਸ.ਸੀ ਸਮਾਜ ਵਿੱਚ ਆਪ ਸਰਕਾਰ ਖ਼ਿਲਾਫ਼ ਰੋਸ ਫੁੱਟ ਪਿਆ ਅਤੇ ਉਨ੍ਹਾਂ ਸੜਕ ਉੱਤੇ ਲੱਗੇ ਬੋਰਡ ਨੂੰ ਪੁੱਟ ਸੁੱਟਿਆ | ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਉੱਤੇ ਸਿਰਫ਼ ਧੱਕੇਸ਼ਾਹੀ ਕਰ ਝੂਠੀਆਂ ਮਸ਼ਹੂਰੀਆਂ ਫੈਲਾ ਆਪਣਾ ਉੱਲੂ ਸਿੱਧਾ ਕਰਦੀ ਹੈ | ਪਰੰਤੂ ਹੁਣ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਭਵਿੱਖ ਵਿੱਚ ਆਪ ਸਰਕਾਰ ਨੂੰ ਚੱਲਦਾ ਕਰਨਗੇ | ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮੋਹਨ ਲਾਲ ਮੁੱਤੋਂ ਬਲਾਕ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਜਿੰਦਰ ਕੁਮਾਰ ਪ੍ਰਧਾਨ ਐਸ.ਸੀ ਸੈੱਲ, ਲਾਲ ਬਹਾਦਰ ਗਾਂਧੀ ਸਾਬਕਾ ਕੌਂਸਲਰ, ਮੋਹਿੰਦਰ ਪਾਲ ਸਾਬਕਾ ਚੇਅਰਮੈਨ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ, ਨਾਨਕ ਸਿੰਘ ਬਾਂਠ ਬਲਾਕ ਸੰਮਤੀ ਮੈਂਬਰ, ਮਹਿੰਦਰ ਗਹੂੰਣ ਯੂਥ ਆਗੂ, ਤਰਲੋਚਨ ਸਿੰਘ ਰੱਕੜਾਂ ਬੇਟ ਮੈਂਬਰ ਬਲਾਕ ਕਮੇਟੀ ਬਲਾਚੌਰ, ਪਰਮਜੀਤ ਕੌਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਿੱਕੀ ਬਜਾਜ, ਸੁਰਿੰਦਰ ਸ਼ਿੰਦਾ, ਸੋਮਨਾਥ ਤੱਕਲਾ ਸੀਨੀਅਰ ਪ੍ਰਧਾਨ ਬਲਾਕ ਕਮੇਟੀ ਸ਼ਹਿਰੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |
ਐਸ.ਸੀ ਸਮਾਜ ਅਤੇ ਸੰਵਿਧਾਨ ਦੇ ਕੀਤੇ ਅਪਮਾਨ ਲਈ ਮੁੱਖ ਮੰਤਰੀ ਮੰਗੇ ਮੁਆਫ਼ੀ -ਮੰਗੂਪੁਰ
ਅਜੀਤ ਡੈਸਕ
16-02-2026