ਰਾਹੋਂ, 15 ਫਰਵਰੀ (ਉਂਕਾਰ ਸਿੰਘ ਰਾਠੋਰ) - ਪਿਛਲੇ ਦਿਨੀਂ ਵਿਸ਼ਵਕਰਮਾ ਮੰਦਰ ਰਾਹੋਂ ਦੇ ਮੁੱਖ ਸੇਵਾਦਾਰ ਸਰਦਾਰ ਜਗਮੋਹਣ ਸਿੰਘ ਸੂਰ ਸਪੁੱਤਰ ਸਵ: ਸ. ਅਤਰ ਸਿੰਘ ਮਿਤੀ 4 ਫਰਵਰੀ 2026 ਦਿਨ ਬੁੱਧਵਾਰ ਨੂੰ ਵਾਹਿਗੁਰੂ ਜੀ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ | ਵਿਸ਼ਵਕਰਮਾ ਸਭਾ ਪ੍ਰਬੰਧਕ ਕਮੇਟੀ ਮਾਛੀਵਾੜਾ ਰੋਡ, ਰਾਹੋਂ ਦੇ ਮੈਂਬਰ ਨੇ ਦੱਸਿਆ ਕਿ ਸਰਦਾਰ ਜਗਮੋਹਣ ਸਿੰਘ ਸੂਰ ਬੇਹੱਦ ਨਿਮਰਤਾ ਤੇ ਮਿਲਾਪੜੇ ਸੁਭਾਅ ਦਾ ਮਾਲਕ ਹਮੇਸ਼ਾ ਦੂਸਰਿਆਂ ਦੇ ਦਰਦ ਨੂੰ ਆਪਣਾ ਸਮਝ ਕੇ ਸੇਵਾ ਕਰਦਾ ਸੀ | ਉਹਨਾਂ ਨੇ ਲੰਬਾ ਸਮਾਂ ਵਿਸ਼ਵਕਰਮਾ ਮੰਦਰ ਅਤੇ ਸਪੋਰਟਸ ਕਲੱਬ ਰਾਹੋਂ ਵਿੱਚ ਮੁੱਖ ਸੇਵਾਦਾਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਈਆਂ | ਮਨੁੱਖਤਾ ਦੀ ਸੇਵਾ ਦਾ ਜਜ਼ਬਾ ਉਹਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ | ਇਸ ਫ਼ਾਨੀ ਦੁਨੀਆਂ ਤੋਂ ਬੇਸ਼ੱਕ ਹਰ ਕਿਸੇ ਨੇ ਰੁਖ਼ਸਤ ਹੋ ਜਾਣਾ ਹੈ ਪਰ ਅਜਿਹੀਆਂ ਵਿਲੱਖਣ ਸ਼ਖਸੀਅਤਾਂ ਵੀ ਇਸ ਦੁਨੀਆਂ 'ਤੇ ਆਉਂਦੀਆਂ ਨੇ ਜਿਹਨਾਂ ਦੇ ਜਾਣ 'ਤੇ ਕਾਇਨਾਤ ਵੀ ਵੱਡਾ ਹਉਕਾ ਲੈਂਦੀ ਹੈ | ਅਜਿਹੇ ਹੀ ਨੇਕ ਦਿਲ ਇਨਸਾਨ ਸਨ ਸ. ਜਗਮੋਹਣ ਸਿੰਘ ਸੂਰ ਜਿਹਨਾਂ ਦੇ ਬੇਵਕਤ ਜਾਣ 'ਤੇ ਨਾ ਸਿਰਫ਼ ਹਰ ਅੱਖ ਨਮ ਹੋਈ ਬਲਕਿ ਉਹਨਾਂ ਦੀਆਂ ਗੱਲਾਂ ਕਰਕੇ ਅੱਜ ਵੀ ਲੋਕਾਂ ਦਾ ਗੱਚ ਭਰ ਆਉਂਦੈ | ਜਗਮੋਹਣ ਸਿੰਘ ਸੂਰ ਆਪਣੇ ਆਲੇ ਦੁਆਲੇ ਇਕ ਬਹੁਤ ਹੀ ਚੰਗੀ ਸ਼ਖ਼ਸੀਅਤ ਦੇ ਤੌਰ 'ਤੇ ਇਲਾਕੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਵਿਅਕਤੀ ਸਨ | ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਵੱਡਾ ਘਾਟਾ ਪਿਆ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 16 ਫਰਵਰੀ 2026 ਦਿਨ ਸੋਮਵਾਰ ਨੂੰ ਦੁਪਹਿਰ 12:30 ਵਜੇ ਗੁਰਦੁਆਰਾ ਸਿੰਘ ਸਭਾ ਘਾਟੀ ਤੇਲੀਆਂ, ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਵੇਗਾ | ਜਿਥੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਖ-ਵੱਖ ਸਿਆਸੀ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸ਼ਖਸੀਅਤਾਂ ਵਲੋਂ ਸ਼ਰਧਾਂ ਦੇ ਫੁੱਲ ਭੇਟ ਕੀਤੇ ਜਾਣਗੇ |