ਬੰਗਾ, 15 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਸਲਾਨਾ ਇਨਾਮ ਵੰਡ ਸਮਾਗਮ ਕਾਲਜ ਪਿ੍ੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਤੇ ਸਕੂਲ ਇੰਚਾਰਜ ਜਤਿੰਦਰ ਮੋਹਨ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਗਮ ਵਿੱਚ ਹਰਮਿੰਦਰ ਸਿੰਘ ਹੁੰਦਲ ਯੂ. ਐਸ. ਏ ਨੇ ਮੁੱਖ ਮਹਿਮਾਨ ਵਜੋਂ ਤੇ ਸ: ਸੁਰਜੀਤ ਸਿੰਘ ਰੱਕੜ ਯੂ. ਐਸ. ਏ, ਜਸਵੀਰ ਸਿੰਘ ਪੂਨੀ ਯੂ. ਕੇ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ | ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਿ੍ੰਸੀਪਲ ਤਰਸੇਮ ਸਿੰਘ ਭਿੰਡਰ ਤੇ ਸਕੂਲ ਇੰਚਾਰਜ ਜਤਿੰਦਰ ਮੋਹਨ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਤੇ ਨਿੱਘਾ ਜੀ ਆਇਆਂ ਆਖਿਆ | ਪਿ੍ੰ. ਭਿੰਡਰ ਨੇ ਮੁੱਖ ਮਹਿਮਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ | ਇਹਨਾਂ ਨੇ ਜਿੱਥੇ ਵਿਦੇਸ਼ ਦੀ ਧਰਤੀ ਨੂੰ ਕਰਮ ਭੂਮੀ ਵਜੋਂ ਚੁਣਿਆ ਉੱਥੇ ਆਪਣੀ ਜਨਮ ਭੂਮੀ ਪੰਜਾਬ ਨਾਲ ਵੀ ਮੋਹ ਕਾਇਮ ਰੱਖਿਆ | ਹਰਮਿੰਦਰ ਸਿੰਘ ਹੁੰਦਲ ਨੇ ਇਲਾਕੇ ਦੀ ਇਸ ਸਿਰਮੌਰ ਸੰਸਥਾ ਦੀ ਪ੍ਰਸੰਸਾ ਕਰਦਿਆਂ ਆਪਣੇ ਜੀਵਨ ਤਜ਼ਰਬਿਆਂ ਰਾਹੀਂ ਵਿਦਿਆਰਥੀਆਂ ਨਾਲ ਸਾਂਝ ਪਾਈ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ | ਵਿਦਿਆਰਥੀਆਂ ਦੁਆਰਾ ਵੱਖ-ਵੱਖ ਪੇਸ਼ਕਾਰੀਆਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਡਾਕਟਰ ਇੰਦੂ ਰੱਤੀ ਦੁਆਰਾ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਤਜਿੰਦਰ ਸਿੰਘ ਤੇ ਪ੍ਰੋਫੈਸਰ ਪੂਜਾ ਵੱਲੋਂ ਨਿਭਾਈ ਗਈ | ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਮੋਹਨ ਸਿੰਘ, ਅਨੀਤਾ, ਮਨਰਾਜ ਕੌਰ, ਮਨਜੀਤ ਕੌਰ, ਚਰਨਪ੍ਰੀਤ ਕੌਰ, ਮਨਪ੍ਰੀਤ ਕੌਰ, ਚਰਨਦੀਪ ਸੈਣੀ, ਗੁਰਿੰਦਰ ਕੌਰ, ਸਵਲੀਨ ਕੌਰ, ਸਿਮਰਨਪ੍ਰੀਤ, ਹਰਮਨ ਪ੍ਰੀਤ ਤੇ ਕਾਲਜ ਸੁਪਿ੍ੰਟੈਂਡੈਂਟ ਸਰਦਾਰ ਪਰਮਜੀਤ ਸਿੰਘ ਹਾਜ਼ਰ ਸਨ |