ਪੋਜੇਵਾਲ ਸਰਾਂ, 17 ਫਰਵਰੀ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਚਾਰ ਮਾਰਗੀ ਬਣਾਉਣ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ 'ਚ ਪਿਛਲੇ ਦੋ ਸਾਲ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ ਦੋ ਸਾਲ ਹੋਣ 'ਤੇ ਅੱਜ ਹਰੋ ਦਾ ਪੋਅ ਲਾਗੇ ਦੇਨੋਵਾਲ ਵਾਲਿਆਂ ਦੇ ਲੰਗਰ ਅਸਥਾਨ ਵਿਖੇ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ ਲੰਗਰ ਲਗਾਇਆ ਗਿਆ ਤੇ ਇੱਥੇ ਚੌਵੀ ਘੰਟੇ ਲੰਗਰ ਚੱਲਦਾ ਹੈ | ਇਸ ਮਾਰਗ ਦੀ ਕਾਰ ਸੇਵਾ 16 ਫਰਵਰੀ 2024 ਨੂੰ ਬਾਬਾ ਸਤਨਾਮ ਸਿੰਘ ਦੀ ਅਗਵਾਈ 'ਚ ਸ਼ੁਰੂ ਹੋਈ ਸੀ ਤੇ ਅੱਜ ਸੇਵਾ ਨੂੰ ਚੱਲਦੇ ਹੋਏ ਦੋ ਸਾਲ ਹੋ ਗਏ ਹਨ | ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਉਹ ਸੰਗਤ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਵਲੋਂ ਪਿਛਲੇ ਦੋ ਸਾਲ ਤੋਂ ਇਸ ਮਾਰਗ ਦੀ ਕਾਰਸੇਵਾ ਵਿੱਚ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਪਗ ਚਾਰ ਕਿਲੋਮੀਟਰ ਦੇ ਕਰੀਬ ਸੜਕ ਦਾ ਟੋਟਾ ਤਿਆਰ ਕਰਕੇ ਸੰਗਤ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਬਾਕੀ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਮਾਰਗ ਨੂੰ ਵਿਰਾਸਤੀ ਤੇ ਵਧੀਆ ਮਾਰਗ ਬਣਾਉਣ ਲਈ ਯਤਨਸ਼ੀਲ ਹਨ | ਇਸ ਮੌਕੇ ਠੇਕੇਦਾਰ ਮਨਜਿੰਦਰ ਸਿੰਘ, ਸਾਹਿਬ ਸਿੰਘ, ਚਾਨਣ ਸਿੰਘ, ਸਿਮਰਨਜੀਤ ਸਿੰਘ, ਸਤਨਾਮ ਸਿੰਘ ਮੁਣਸੀ, ਮਨਪ੍ਰੀਤ ਸਿੰਘ ਜੱਗਾ, ਹਰਪਾਲ ਸਿੰਘ ਪਾਲੀ, ਦਲਜੀਤ ਸਿੰਘ ਬੈਂਸ, ਜੋਬਨ ਸਿੰਘ ਕੋਟਖਾਲਾ, ਅਕਾਸ਼ਦੀਪ ਸਿੰਘ, ਮੰਗਲ ਸਿੰਘ, ਜੁਗਰਾਜ ਸਿੰਘ, ਹਰਮਨ ਸਿੰਘ, ਸਾਗਰ ਸਿੰਘ, ਸਰਪੰਚ ਅੱਛਰ ਸਿੰਘ, ਆਦਿ ਵੀ ਹਾਜਰ ਸਨ |