ਬਲਾਚੌਰ, 17 ਫਰਵਰੀ (ਨਰੇਸ਼ ਧੌਲ)-ਬ੍ਰਹਮਚਾਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਫੁੱਟਬਾਲ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਖੇਡ ਮੇਲੇ ਦੇ ਅੰਤਿਮ ਦਿਨ ਭਾਰੀ ਗਿਣਤੀ 'ਚ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ | ਫਾਈਨਲ ਮੁਕਾਬਲੇ ਦੌਰਾਨ ਬਲਾਚੌਰ ਅਤੇ ਗੜ੍ਹੀ ਦੀਆਂ ਟੀਮਾਂ ਵਿਚਕਾਰ ਜਬਰਦਸਤ ਟੱਕਰ ਹੋਈ ਜਿਸ ਦੇ ਫਲਸਰੂਪ ਪ੍ਰਬੰਧਕੀ ਕਮੇਟੀ ਵਲੋਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ | ਦੋਵਾਂ ਟੀਮਾਂ ਨੂੰ ਬਰਾਬਰ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਤੀਸਰੇ ਨੰਬਰ 'ਤੇ ਬੋੜਾ ਅਤੇ ਚੌਥੇ ਨੰਬਰ 'ਤੇ ਗਰਲੇਢਾਹਾਂ ਦੀ ਟੀਮ ਰਹੀ | ਬਿਹਤਰੀਨ ਗੋਲ ਕੀਪਰ ਰਵਿੰਦਰ ਕਾਲੂ (ਬਲਾਚੌਰ), ਬਿਹਤਰੀਨ ਡਿਫੈਂਡਰ ਰਮਨ (ਬਲਾਚੌਰ), ਬਿਹਤਰੀਨ ਫਾਰਵਰਡ ਦੁੱਲਾ (ਗੜ੍ਹੀ) ਨੂੰ ਐਲਾਨਿਆ ਗਿਆ | ਸ਼ੋਅ ਮੈਚ 'ਚ ਬਲਾਚੌਰ ਅਤੇ ਬਛੌੜੀ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ 'ਚ ਬਛੌੜੀ ਪਹਿਲੇ ਅਤੇ ਬਲਾਚੌਰ ਦੂਜੇ ਸਥਾਨ 'ਤੇ ਰਿਹਾ | ਰੱਸਾ-ਕਸ਼ੀ ਦੇ ਮੁਕਾਬਲੇ ਵਿੱਚ ਬਲਾਚੌਰ ਨੇ ਪਹਿਲਾ ਅਤੇ ਮਹਿੰਦੀਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ | ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 3300 ਦੇ ਕਰੀਬ ਖੇਡ ਸਟੇਡੀਅਮ ਬਣਾ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਮੈਂਬਰ ਪਾਰਲੀਮੈਂਟ ਵੱਲੋਂ ਖੇਡ ਮੈਦਾਨ ਲਈ 10 ਲੱਖ ਰੁਪਏ ਦੀ ਗ੍ਰਾਂਟ ਜਲਦ ਜਾਰੀ ਕੀਤੀ ਜਾਵੇਗੀ |ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਫਾਈਨਲ ਮੈਚ ਖੇਡਣ ਵਾਲੀਆਂ ਦੋਨੋ ਟੀਮਾਂ ਬਲਾਚੌਰ ਅਤੇ ਗੜ੍ਹੀ ਕਾਨੂੰਗੋ ਨੂੰ 5100-5100 ਰੁਪਏ ਨਕਦ ਇਨਾਮ ਦਿੱਤਾ | ਉਨ੍ਹਾਂ ਕਿਹਾ ਕਿ ਖੇਡਾਂ ਅਨੁਸ਼ਾਸਨ ਅਤੇ ਆਪਸੀ ਸਾਂਝ ਦੀਆਂ ਪ੍ਰਤੀਕ ਹੁੰਦੀਆਂ ਹਨ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਅਤੇ ਤਹਿਸੀਲਦਾਰ ਜਸਵੀਰ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਟੂਰਨਾਮੈਂਟ ਦੀ ਸਫਲਤਾ 'ਤੇ ਕਲੱਬ ਦੇ ਪ੍ਰਧਾਨ ਸੁਨੀਲ ਕੌਸ਼ਲ (ਲਾਡੀ ਰਾਣਾ) ਅਤੇ ਜਨਰਲ ਸਕੱਤਰ ਡਾਕਟਰ ਤੇਜਿੰਦਰ ਸਿੰਘ ਜੋਤ ਨੇ ਸਮੂਹ ਪ੍ਰਬੰਧਕੀ ਟੀਮ ਦੇ ਨਾਲ ਆਏ ਹੋਏ ਮਹਿਮਾਨਾਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ | ਚੇਅਰਮੈਨ ਬਬਲੂ ਰਾਣਾ, ਸੀਨੀਅਰ ਉਪ ਪ੍ਰਧਾਨ ਨਰੇਸ਼ ਹੈਪੀ ਰਾਣਾ, ਕੈਸ਼ੀਅਰ ਗੁਰਪ੍ਰੀਤ ਸਿੰਘ ਗੋਰਾ, ਉਪ ਸੈਕਟਰੀ ਰਮਨ, ਆਰਗੇਨਾਈਜ਼ਰ ਜੀਵਨ ਰਾਣਾ, ਸਤੀਸ਼ ਰਾਣਾ, ਵਿੱਕੀ ਚੇਤਲ, ਡਾਕਟਰ ਗਿਆਨ ਸਿੰਘ ਮੰਡੇਰ, ਐਮ.ਸੀ. ਪਰਮਿੰਦਰ ਮੇਨਕਾ, ਆਪ ਆਗੂ ਜਸਵਿੰਦਰ ਸਿਆਣ, ਐਸ.ਸੀ. ਵਿੰਗ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ, ਅਜੇ ਕੁਮਾਰ ਐਮ.ਸੀ., ਰਾਧੇ ਸ਼ਾਮ ਐਮ.ਸੀ., ਡਾ. ਸੁਨੀਤਾ ਸ਼ਰਮਾ, ਡਾ. ਭੁਪਿੰਦਰਜੀਤ ਸਿੰਘ ਸੂਰੀ, ਸਤਨਾਮ ਸਿੰਘ ਐਨ.ਆਰ.ਆਈ, ਸਰਪੰਚ ਪਸ਼ਵਿੰਦਰ ਰਾਣਾ, ਲਾਲ ਬਹਾਦਰ ਗਾਂਧੀ ਸਾਬਕਾ ਐਮ.ਸੀ., ਪਰਮਿੰਦਰ ਪੰਮਾ, ਐਮ.ਸੀ., ਨੋਨੀ, ਵਾਸਦੇਵ ਰਣਵੈਕਸੀ, ਬੌਬੀ, ਪਤੰਬਰ, ਮਦਨ ਲਾਲ, ਪੰਮਾ ਟੋਰੋਵਾਲ, ਨਗਿੰਦਰ ਲੀਵੀ, ਡਾਕਟਰ ਗਿਆਨ ਸਿੰਘ ਮੰਡੇਰ, ਸਮਰਦੀਪ ਸਿੰਘ, ਜਸਵਿੰਦਰ ਬੈਂਸ, ਬਿੰਦੂ ਖਰੋੜੀਆ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |