ਮੁਕੰਦਪੁਰ, 17 ਫਰਵਰੀ (ਅਮਰੀਕ ਸਿੰਘ ਢੀਂਡਸਾ)-ਦੁਨਿਆਵੀ ਜੀਵਾਂ ਨੂੰ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਜੋੜਨ ਅਤੇ ਇਨਸਾਨੀ ਜੀਵਨ ਦੀ ਜੀਵਨ ਜਾਂਚ ਦਾ ਸੰਦੇਸ਼ ਦੇਣ ਵਾਲੇ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਨਾਨਕੇ ਘਰ ਬੱਲੋਵਾਲ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ 'ਚ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ 'ਚ ਪਿੰਡ ਬੱਲੋਵਾਲ ਵਿਖੇ ਪਰਿਕਰਮਾ ਕਰਦਾ ਹੋਇਆ ਮੀਲਾਂ ਲੰਬੇ ਸੰਗਤਾਂ ਦੇ ਇਕੱਠ ਵਲੋਂ ਗੁਣਗਾਨ ਕਰਦਿਆਂ ਤਿੰਨ ਪਾਤਿਸ਼ਾਹੀਆਂ ਦੀ ਪਵਿੱਤਰ ਧਰਤੀ ਗੁਰਦੁਆਰਾ ਨਾਨਕਸਰ ਨਜ਼ਦੀਕ ਪੁਲ 'ਤੇ ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਉਪਰੰਤ ਨਗਰ ਕੀਰਤਨ ਮੁਕੰਦਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਗੋਸਲਾਂ ਵਿਖੇ ਪੜਾਅ ਕਰਨ ਉਪਰੰਤ ਰਾਜਾ ਸਾਹਿਬ ਜੀ ਦੀ ਰਾਜਧਾਨੀ ਗੁਰਦੁਆਰਾ ਰਸੋਖਾਨਾ ਮਜਾਰਾ ਵਿਖੇ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਨਾਨਕੇ ਘਰ ਬੱਲੋਵਾਲ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੀ ਸਮੁੱਚੀ ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਫਲ, ਕੋਲਡ ਡਰਿੰਕਸ ਤੋਂ ਇਲਾਵਾ ਹੋਰ ਵਸਤਾਂ ਦੇ ਲੰਗਰ ਵਰਤਾਏ ਗਏ | ਅੱਜ ਰਾਜਾ ਸਾਹਿਬ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਣਗੇ | ਜਿਨ੍ਹਾਂ ਵਿੱਚ ਪ੍ਰਸਿੱਧ ਸਮਰਾਵਾਂ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਤੋਂ ਇਲਾਵਾ ਹੋਰ ਜਥੇ ਵੀ ਆਪਣੀਆਂ ਹਾਜ਼ਰੀਆਂ ਲਗਵਾਉਣਗੇ |