ਨਵਾਂਸ਼ਹਿਰ, 18 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਵਲੋਂ ਗਾਏ ਗਾਣੇ 'ਅਸਲਾ' ਵਿਚ ਗੈਰ-ਕਾਨੂੰਨੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਆਰ.ਟੀ.ਆਈ ਤੇ ਸ਼ੋਸਲ ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਇਸ ਗਾਇਕ ਨੇ ਗੈਰ-ਕਾਨੂੰਨੀ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਕਰਕੇ ਇਸ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਜਾਵੇ | ਮਨਕੀਰਤ ਔਲਖ ਦੇ ਗਾਣੇ 'ਚ ਸ਼ਰੇਆਮ ਲਿਖਿਆ ਗਿਆ ਹੈ, ਲੈ ਕੇ ਵੈਪਨ ਲਾਇਸੈਂਸੀ ਨਹੀਂਓ ਵੈਰ ਪੁੱਗਦੇ, ਅਸਲ੍ਹਾ ਚਾਹੀਦਾ ਪੱਕਾ ਦੋ ਨੰਬਰੀ | ਇਸ ਸੰਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਨੇ ਸ਼ਿਕਾਇਤ ਐਸ.ਪੀ ਹੈੱਡਕੁਆਰਟਰ ਇਕਬਾਲ ਸਿੰਘ ਨੂੰ ਜਾਂਚ ਲਈ ਭੇਜ ਦਿੱਤੀ ਹੈ | ਬੀਤੇ ਦਿਨ ਐਸ.ਪੀ ਹੈੱਡਕੁਆਰਟਰ ਵਲੋਂ ਪਰਵਿੰਦਰ ਸਿੰਘ ਕਿੱਤਣਾ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ | ਸੂਤਰਾਂ ਮੁਤਾਬਕ ਪੁਲਿਸ ਵਲੋਂ ਜਲਦੀ ਹੀ ਗਾਇਕ ਮਨਕੀਰਤ ਔਲਖ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ |
ਮਨਕੀਰਤ ਔਲਖ ਦਾ 'ਅਸਲ੍ਹਾ' ਚੈੱਕ ਕਰਨ ਲੱਗੀ ਪੁਲਿਸ
ਅਜੀਤ ਡੈਸਕ
19-02-2026