ਸਮੁੰਦੜਾ, 19 ਫਰਵਰੀ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (26) ਪੁੱਤਰ ਬਲਜਿੰਦਰ ਕੁਮਾਰ ਵਾਸੀ ਪਿੰਡ ਅਲੀਪੁਰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਲੋਹੇ ਦਾ ਜਾਲ ਲਗਾ ਰਿਹਾ ਸੀ ਕਿ ਅਚਾਨਕ ਉਸ ਵਲੋਂ ਫੜ੍ਹੀ ਹੋਈ ਲੋਹੇ ਦੀ ਪੌੜੀ ਉੱਤੇ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ | ਜਿਸ ਕਰਕੇ ਲੱਗੇ ਕਰੰਟ ਨਾਲ ਉਸ ਦੀ ਮੌਤ ਹੋ ਗਈ | ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਕੁਝ ਸਮਾਂ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਫੁੱਟਬਾਲ ਟੀਮ ਦਾ ਵੀ ਚੰਗਾ ਖਿਡਾਰੀ ਸੀ | ਗੁਰਪ੍ਰੀਤ ਸਿੰਘ ਦੀ ਹੋਈ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ | ਪੁਲਿਸ ਵਲੋਂ ਬਣਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਅਤੇ ਜਿਸ ਦਾ ਪਿੰਡ ਅਲੀਪੁਰ ਵਿਖੇ ਸੈਂਕੜੇ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ |