ਰਾਜਨੀਤੀ 'ਚ ਪੁਲਿਸ ਤੇ ਹੋਰ ਏਜੰਸੀਆਂ ਦੀ ਵਰਤੋਂ ਕਾਰਨ ਪੰਜਾਬ ਦਾ ਮਾਹੌਲ ਵਿਗੜ ਰਿਹਾ-ਰਾਣਾ
ਅਜੀਤ ਡੈਸਕ
28-02-2026
ਰੱਤੇਵਾਲ, 27 ਫਰਵਰੀ (ਅਸ਼ੋਕ ਕੁਮਾਰ ਲੀਲ)-ਗੁਰਦਾਸਪੁਰ ਜ਼ਿਲ੍ਹੇ 'ਚ ਪੁਲਿਸ ਦੇ 2 ਮੁਲਾਜ਼ਮਾਂ ਦਾ ਕਤਲ ਸੂਬਾ ਅਤੇ ਕੇਂਦਰ ਸਰਕਾਰ ਦੀ ਅਣਗਹਿਲੀ ਵੱਲ ਧਿਆਨ ਦੇ ਰਹੇ ਹਨ ਕਿਉਂਕਿ ਬਾਰਡਰ ਦੇ 50 ਕਿੱਲੋਮੀਟਰ ਦੇ ਏਰੀਏ ਦਾ ਬੰਦੋਬਸਤ ਕੇਂਦਰੀ ਸੁਰੱਖਿਆ ਬਲਾਂ ਕੋਲ ਹੈ ਅਤੇ ਸਹਾਇਕ ਤੌਰ 'ਤੇ ਪੰਜਾਬ ਪੁਲਿਸ ਉਸ ਏਰੀਏ 'ਚ ਕੰਮ ਕਰ ਰਹੀ ਹੈ ਤਾਂ ਲਾਜ਼ਮੀ ਤੌਰ 'ਤੇ ਸੰਕੇਤ ਦੋਵਾਂ ਸਰਕਾਰਾਂ ਵੱਲ ਇਸ਼ਾਰਾ ਕਰਦੇ ਹਨ | ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਨੇ ਗੱਲਬਾਤ ਕਰਦੇ ਹੋਏ ਕੀਤਾ | 26 ਫਰਵਰੀ ਨੂੰ ਇਸ ਕਤਲ ਕੇਸ ਦੀ ਪੜਤਾਲ ਕਰਦੇ ਹੋਏ ਸਥਾਨਕ ਪੁਲਿਸ ਨੇ ਇੱਕ ਨੌਜਵਾਨ ਰਣਜੀਤ ਸਿੰਘ ਦਾ ਇਨਕਾਉਂਟਰ ਕਰਕੇ ਕਤਲ ਕਰ ਦਿੱਤਾ | ਲੋਕ ਇਸ ਇਨਕਾਉਂਟਰ ਨੂੰ ਪੁਲਿਸ ਹਿਰਾਸਤ ਵਿੱਚ ਕਤਲ ਦੱਸ ਰਹੇ ਹਨ ਤਾਂ ਪੰਜਾਬ ਦੇ ਮਾਹੌਲ ਦਾ ਅੰਦਾਜ਼ਾ ਲੱਗ ਜਾਂਦਾ ਹੈ | ਉਹਨਾਂ ਕਿਹਾ ਕਿ ਨਿੱਤ ਚੱਲਦੀਆਂ ਗੋਲੀਆਂ, ਪੁਲਿਸ ਇਨਕਾਉਂਟਰ, ਫਿਰੌਤੀਆਂ ਅਤੇ ਗੁੰਡਾਗਰਦੀ ਕਾਰਨ ਪੰਜਾਬ ਦਾ ਮਾਹੌਲ ਬੇਹੱਦ ਖ਼ੌਫ਼ਨਾਕ ਬਣਦਾ ਜਾ ਰਿਹਾ ਹੈ, ਪਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ | ਰਾਣਾ ਨੇ ਸਮੂਹ ਪੰਜਾਬ ਹਿਤੈਸ਼ੀ ਅਤੇ ਲੋਕਰਾਜ ਪੱਖੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਸਟੇਟ ਦੇ ਜਬਰ ਨੂੰ ਰੋਕਣ ਲਈ ਵਿਸ਼ਾਲ ਅਤੇ ਇੱਕਮੁੱਠ ਸੰਘਰਸ਼ਾਂ ਲਈ ਲਾਮਬੰਦੀ ਕੀਤੀ ਜਾਵੇਗੀ |