ਨਵਾਂਸ਼ਹਿਰ, 27 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਬੱਬਰ ਕਰਮ ਸਿੰਘ ਦੌਲਤਪੁਰ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਜਾਇਆਂ ਦੀ ਅਮੀਰ ਵਿਰਾਸਤ ਹੈ ਸ਼ਹਾਦਤਾਂ | ਆਪਣੇ ਅਕੀਦੇ ਦੇ ਪੱਕੇ 6 ਬੱਬਰ ਅਕਾਲੀਆਂ ਨੂੰ 27 ਫ਼ਰਵਰੀ 1926 ਨੂੰ ਅੱਜ ਦੇ ਦਿਨ ਲਾਹੌਰ ਜੇਲ੍ਹ ਅੰਦਰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ | ਜਾਡਲੀ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਦੇ ਇਹਨਾਂ ਛੇ ਆਪਾ ਵਾਰਨ ਵਾਲੇ ਯੋਧਿਆਂ ਭਾਈ ਕਿਸ਼ਨ ਸਿੰਘ ਗੜਗੱਜ ਬੜਿੰਗ, ਭਾਈ ਦਲੀਪ ਸਿੰਘ ਦਲੀਪਾ ਭੁਚੰਗੀ ਧਾਮੀਆਂ ਕਲਾਂ, ਭਾਈ ਨੰਦ ਸਿੰਘ ਘੁੜਿਆਲ, ਭਾਈ ਕਰਮ ਸਿੰਘ ਹਰੀਪੁਰ, ਭਾਈ ਸੰਤਾ ਸਿੰਘ ਛੋਟੀ ਹਰਿਓਾ ਅਤੇ ਸਾਡੇ ਗੁਆਂਢੀ ਪਿੰਡ ਦੇ ਭਾਈ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਅਸੀਂ ਕਿਧਰੇ ਭੁੱਲ ਤਾਂ ਨਹੀਂ ਗਏ | ਇਹ ਦਿਲ ਕੰਬਾਊ ਸਾਕੇ ਸਾਡੇ ਰੌਂਗਟੇ ਖੜ੍ਹੇ ਕਰ ਦੇ ਹਨ | ਇਸ ਤਰ੍ਹਾਂ ਜ਼ਾਲਮ ਗੋਰੀ ਸਰਕਾਰ ਨੇ ਪੂਰੇ ਇੱਕ ਸਾਲ ਬਾਅਦ ਅੱਜ ਦੇ ਹੀ ਦਿਨ 27 ਫਰਵਰੀ 1927 ਨੂੰ ਛੇ ਹੋਰ ਬੱਬਰ ਅਕਾਲੀ ਮਰਜੀਵੜਿਆਂ ਨਿੱਕਾ ਸਿੰਘ ਪਿੰਡ ਗਿੱਲ, ਮੁਕੰਦ ਸਿੰਘ ਜਵੱਦੀ ਕਲਾਂ, ਬੰਤਾ ਸਿੰਘ ਵਾਸੀ ਗੁਰੂਸਰ, ਸੁੰਦਰ ਸਿੰਘ ਲਹੁਕਾ, ਗੁਜਰ ਸਿੰਘ ਢੱਪਈ ਅਤੇ ਨਿੱਕਾ ਸਿੰਘ ਆਲੋਵਾਲ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਕਿਧਰੇ ਅਸੀਂ ਉਨ੍ਹਾਂ ਮਹਾਨ ਸੂਰਬੀਰਾਂ ਦੀਆਂ ਸ਼ਹਾਦਤਾਂ ਨੂੰ ਭੁੱਲ ਨਾ ਜਾਈਏ | ਉਹ ਅੱਜ ਦੇਸ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ 'ਬੱਬਰ ਅਕਾਲੀ ਲਹਿਰ 'ਚ ਸ਼ਹਾਦਤਾਂ ਦੀ ਸ਼ਤਾਬਦੀ 1926-2026' ਸਮਾਗਮ 'ਚ ਬੱਬਰ ਕਰਮ ਸਿੰਘ ਦੌਲਤਪੁਰ ਦੇ ਪਿੰਡ ਵਲੋਂ ਜਸਪਾਲ ਸਿੰਘ ਜਾਡਲੀ ਅਤੇ ਉਨ੍ਹਾਂ ਦੇ ਨਾਨਕਾ ਪਿੰਡ ਕੌਲਗੜ੍ਹ ਵਲੋਂ ਦੀਦਾਰ ਸਿੰਘ ਸ਼ੇਤਰਾ ਹਾਜ਼ਰੀਆਂ ਭਰ ਕੇ ਵਾਪਸ ਪਰਤੇ ਸਨ | ਉਨ੍ਹਾਂ ਦੱਸਿਆ ਕਿ ਪ੍ਰਸਿੱਧ ਵਿਦਵਾਨ ਸਵਰਨ ਸਿੰਘ ਵਿਰਕ, ਅਮੋਲਕ ਸਿੰਘ ਅਤੇ ਵਿਜੇ ਬੰਬੇਲੀ ਨੇ ਦੱਸਿਆ ਕਿ ਸਾਰਾ ਸਾਲ ਬੱਬਰਾਂ ਦੇ ਪਿੰਡਾਂ ਵਿੱਚ ਜਾ ਕੇ ਸਮਾਗਮ ਕਰਵਾਏ ਜਾਣਗੇ |