ਕਾਠਗੜ੍ਹ, 28 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਬਣੇ ਬੱਸ ਅੱਡੇ ਕਾਠਗੜ੍ਹ ਮੋੜ ਤੋਂ ਸਿੰਘਪੁਰ ਤੱਕ ਸੜਕ ਜੋ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬਣੀ ਸੀ, ਥਾਂ-ਥਾਂ ਤੋਂ ਟੁੱਟਣ ਕਾਰਨ ਇੱਥੋਂ ਲੰਘਣ ਵਾਲੇ ਰੋਜ਼ਾਨਾ ਹਜ਼ਾਰਾਂ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਸੜਕ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਗਰਾਊਾਡ ਦੇ ਸਾਹਮਣੇ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਅਤੇ ਇਹ ਉਬੜ-ਖਾਬੜ ਬਣੀ ਹੈ ਜਿੱਥੋਂ ਦੋ ਪਹੀਆਂ ਵਾਹਨ ਅਤੇ ਭਾਰੀ ਗੱਡੀਆਂ ਬੜੀ ਹੀ ਮੁਸ਼ਕਿਲ ਨਾਲ ਲੰਘਦੀਆਂ ਹਨ ਅਤੇ ਨੇੜੇ ਹੀ ਮੋਟਰਸਾਈਕਲ ਏਜੰਸੀ ਦੇ ਨਾਲ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦਾ ਬੇਸ਼ੁਮਾਰ ਗੰਦਾ ਪਾਣੀ ਆਉਣ ਕਾਰਨ ਸੜਕ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ | ਜਿੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਕੱਪੜੇ ਵੀ ਬੁਰੀ ਤਰ੍ਹਾਂ ਨਾਲ ਖਰਾਬ ਅਤੇ ਕਈ ਦੋ ਪਹੀਆਂ ਵਾਹਨ ਚਾਲਕ ਇੱਥੇ ਸੱਟਾਂ ਲਗਵਾ ਚੁੱਕੇ ਹਨ ਜਿਸ ਕਰਕੇ ਰੋਜ਼ਾਨਾ ਡਿਊਟੀਆਂ 'ਤੇ ਜਾਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਇੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਹੀ ਬੱਸ ਨਹੀਂ ਇਸ ਸੜਕ 'ਤੇ ਹੀ ਪਿੰਡ ਜੰਡੀ ਦੇ ਮੋੜ ਕੋਲ ਸੜਕ ਬੁਰੀ ਤਰ੍ਹਾਂ ਨਾਲ ਟੁੱਟੀ ਹੋਈ ਹੈ ਅਤੇ ਇਸ ਤੋਂ ਅੱਗੇ ਮਹਿੰਦੀਪੁਰ ਵਾਲੇ ਪਾਸੇ ਕਈ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਸੜਕ ਵਿੱਚ ਪੈਣ ਕਾਰਨ ਸੜਕ ਹੌਲੀ-ਹੋਲੀ ਖੁਰਦੀ ਜਾ ਰਹੀ ਹੈ | ਜਿਸ ਨੂੰ ਸਮੇਂ ਸਿਰ ਰੋਕਿਆ ਜਾਣਾ ਸਬੰਧਤ ਵਿਭਾਗ ਦਾ ਪਹਿਲਾਂ ਫਰਜ਼ ਹੈ | ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਇਸ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ ਤਾਂ ਕਿ ਸੜਕ ਹੋਰ ਨਾ ਟੁੱਟ ਜਾਵੇ | ਟੁੱਟੀ ਸੜਕ ਦਾ ਦਿ੍ਸ਼ | ਤਸਵੀਰ : ਕਲੇਰ