ਸੜੋਆ, 28 ਫਰਵਰੀ (ਬਲਵਿੰਦਰ ਨਾਨੋਵਾਲੀਆ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਕਾਰ ਵਲੋਂ ਜਨਵਰੀ 2025 ਤੋਂ 31 ਦਸੰਬਰ 2025 ਤੱਕ ਆਈਆਂ 3750 ਦਰਖਾਸਤਾਂ ਅਤੇ ਸਾਲ 2016 ਤੋਂ 5700 ਪਿਛਲੇ ਪਏ ਲੰਬਿਤ ਕੇਸਾਂ ਸਮੇਤ ਕੁੱਲ 9400 ਕੇਸਾਂ 'ਚੋਂ ਹੁਣ ਤੱਕ ਕਰੀਬ 4000 ਦਰਖਾਸਤਾਂ ਦਾ ਨਿਪਟਾਰਾ ਕਮਿਸ਼ਨ ਵਲੋਂ ਕੀਤਾ ਜਾ ਚੁੱਕਾ ਹੈ | ਜਦੋਂ ਕਿ ਬਾਕੀ ਰਹਿੰਦੇ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾ ਰਿਹਾ ਹੈ | ਇਹ ਵਿਚਾਰ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਕਾਰ ਨੇ ਪਿੰਡ ਟੱਪਰੀਆਂ ਖੁਰਦ ਵਿਖੇ ਸਮਾਗਮ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਾਲ 2026 ਵਿਚ ਇਹ ਦਰਖਾਸਤਾਂ 3750 ਤੋਂ ਵਧ ਕੇ 5000 ਹਜ਼ਾਰ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਕਮਿਸ਼ਨ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪੰਜਾਬ ਭਰ ਤੋਂ ਆਪਣੇ ਕੰਮਾਂ ਲਈ ਪਹੁੰਚ ਰਹੇ 100 ਵਿਅਕਤੀਆਂ ਵਿੱਚੋਂ 70 ਵਿਅਕਤੀ ਅਨੁਸੂੀਚਤ ਜਾਤੀ ਕਮਿਸ਼ਨ ਦੇ ਦਫਤਰ ਨਾਲ ਸਬੰਧਤ ਹੁੰਦੇ ਹਨ, ਜਿਨ੍ਹਾਂ ਦਾ ਨਿਪਟਾਰਾ ਵੀ ਨਾਲੋ-ਨਾਲ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਸਬੰਧਤ ਵਰਗ ਦੇ ਵਿਅਕਤੀਆਂ ਨੂੰ ਆਪਣੀ ਕੋਈ ਵੀ ਸਮੱਸਿਆ ਕਮਿਸ਼ਨ ਦੇ ਦਫਤਰ ਬਿਨਾਂ ਝਿਜਕ ਲੈ ਕੇ ਆਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਪਰਮਿੰਦਰ ਮੇਨਕਾ ਕੌਂਸਲਰ, ਜਸਵੀਰ ਸਿੰਘ ਔਲੀਆਪੁਰ ਸਾਬਕਾ ਸੰਮਤੀ ਮੈਂਬਰ, ਜਸਵੰਤ ਟੂਰ ਆਕੀਟੈਕਟ ਬਲਾਚੌਰ ਅਤੇ ਕੌਸਲਰ ਪੰਮਾ ਭਾਟੀਆ ਆਦਿ ਵੀ ਹਾਜਰ ਸਨ |