20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜਥੇਦਾਰ ਖ਼ਾਲਸਾ ਨੂੰ ਬੁਲਾਰਾ ਨਿਯੁਕਤ ਕਰਨ 'ਤੇ ਧਾਰਮਿਕ ਅਤੇ ਪੰਥਕ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ

ਅਜੀਤ ਡੈਸਕ 29-03-2026
ਬਲਾਚੌਰ, 28 ਮਾਰਚ (ਨਰੇਸ਼ ਧੌਲ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਣਮੱਤੀ ਪੰਥਕ ਸ਼ਖ਼ਸੀਅਤ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਗਤੀਵਿਧੀਆਂ ਅਤੇ ਸਿੱਖੀ ਪ੍ਰਚਾਰ ਦੇ ਖੇਤਰ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਬੁਲਾਰਾ ਨਿਯੁਕਤ ਕਰਨਾ ਸਮੁੱਚੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਿਹਾ ਹੈ | ਗੁਰਬਖਸ਼ ਸਿੰਘ ਖ਼ਾਲਸਾ ਦਾ ਜੀਵਨ ਪੰਥਕ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਰਿਹਾ ਹੈ | ਪੰਥਕ ਹਿਤਾਂ ਦੀ ਰਾਖੀ ਕਰਦਿਆਂ ਉਹ ਪਿਛਲੇ ਸਮੇਂ ਦੌਰਾਨ ਕਾਫ਼ੀ ਸਮਾਂ ਜੇਲ੍ਹ ਵਿੱਚ ਵੀ ਰਹੇ ਅਤੇ ਲੰਬਾ ਸਮਾਂ ਰੂਪਪੋਸ਼ ਰਹਿ ਕੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਦੇ ਰਹੇ | ਉਨ੍ਹਾਂ ਵੱਲੋਂ ਸਿਰਧੱੜ ਦੀ ਬਾਜ਼ੀ ਲਗਾ ਕੇ ਨਿਭਾਈਆਂ ਸੇਵਾਵਾਂ ਅਤੇ ਸਿੱਖੀ ਪ੍ਰਤੀ ਅਟੁੱਟ ਵਿਸ਼ਵਾਸ ਨੂੰ ਦੇਖਦਿਆਂ ਹੋਇਆਂ ਹੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਨਾਲ ਨਿਵਾਜਿਆ ਹੈ | ਇਸ ਨਿਯੁਕਤੀ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ-ਪ੍ਰਸਾਰ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ, ਉੱਥੇ ਹੀ ਨਵਾਂਸ਼ਹਿਰ ਅਤੇ ਬਲਾਚੌਰ ਇਲਾਕੇ ਦੇ ਸਿੱਖ ਹਲਕਿਆਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਖ਼ਾਲਸਾ ਦੀ ਨਿਯੁਕਤੀ ਨੂੰ ਯੋਗਤਾ ਦਾ ਸਨਮਾਨ ਦੱਸਿਆ ਹੈ | ਆਪਣੀ ਇਸ ਨਿਯੁਕਤੀ 'ਤੇ ਗੁਰਬਖਸ਼ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਹਾਈਕਮਾਂਡ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਹੋਇਆਂ ਵਿਸ਼ਵਾਸ ਦਿਵਾਇਆ ਕਿ ਉਹ ਪੰਥਕ ਕਾਰਜਾਂ ਅਤੇ ਕਮੇਟੀ ਦੇ ਪੱਖ ਨੂੰ ਪੂਰੀ ਦਿ੍ੜ੍ਹਤਾ ਅਤੇ ਸੁਲਝੇ ਹੋਏ ਢੰਗ ਨਾਲ ਸੰਗਤਾਂ ਅਤੇ ਮੀਡੀਆ ਸਾਹਮਣੇ ਰੱਖਣਗੇ | ਜ਼ਿਕਰਯੋਗ ਹੈ ਕਿ ਗੁਰਬਖਸ਼ ਸਿੰਘ ਖ਼ਾਲਸਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਹਨ ਅਤੇ ਉਨ੍ਹਾਂ ਦਾ ਜੀਵਨ ਇਸੇ ਮਿੱਟੀ ਦੀਆਂ ਪੰਥਕ ਰਵਾਇਤਾਂ ਵਿੱਚ ਗੁਜ਼ਰਿਆ ਹੈ | ਉਨ੍ਹਾਂ ਦਾ ਸਾਰਾ ਜੀਵਨ ਸਿੱਖੀ ਪ੍ਰਚਾਰ ਅਤੇ ਪੰਥਕ ਸੇਵਾਵਾਂ ਨੂੰ ਸਮਰਪਿਤ ਰਿਹਾ ਹੈ | ਪੰਥਕ ਮੁੱਦਿਆਂ 'ਤੇ ਡੂੰਘੀ ਪਕੜ ਅਤੇ ਬੇਬਾਕ ਸ਼ਬਦਾਵਲੀ ਅੱਜ ਤੱਕ ਉਨ੍ਹਾਂ ਦੀ ਪਛਾਣ ਰਹੀ ਹੈ | ਖ਼ਾਲਸਾ ਨੂੰ ਗੁਰਦੁਆਰਾ ਪ੍ਰਬੰਧਾਂ ਅਤੇ ਪੰਥਕ ਮਰਿਆਦਾਵਾਂ ਦਾ ਵਿਸ਼ਾਲ ਗਿਆਨ ਹੈ |
ਇਸ ਤੋਂ ਪਹਿਲਾਂ ਵੀ ਉਹ ਸ਼੍ਰੋਮਣੀ ਕਮੇਟੀ ਵਿੱਚ ਉਪ ਪ੍ਰਧਾਨ ਵਰਗੇ ਉੱਚ ਅਤੇ ਜ਼ਿੰਮੇਵਾਰ ਅਹੁਦਿਆਂ 'ਤੇ ਰਹਿ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ | ਮੀਡੀਆ ਨਾਲ ਵਧੀਆ ਤਾਲਮੇਲ ਅਤੇ ਮਿੱਠੇ ਸੁਭਾਅ ਦੇ ਨਾਲ-ਨਾਲ ਸੱਚ ਕਹਿਣ ਦੀ ਜੁਰਅਤ ਸਦਕਾ ਉਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਬੁਲਾਰੇ ਵਜੋਂ ਅਹਿਮ ਸੇਵਾ ਸੌਂਪੀ ਗਈ ਹੈ, ਤਾਂ ਜੋ ਸ਼੍ਰੋਮਣੀ ਕਮੇਟੀ ਦੇ ਅਕਸ ਅਤੇ ਪੱਖ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ |
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਸੰਗਤਾਂ ਦੀ ਸੁਰੱਖਿਆ ਲਈ ਦੁਕਾਨਦਾਰ ਰਾਜ ਮਾਰਗ ਤੋਂ ਦੂਰ ਦੁਕਾਨਾਂ ਲਗਾਉਣ-ਚੁਸ਼ਮਾ ਪ੍ਰਬ... ਅਗਲੀ ਖ਼ਬਰ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।