ਗੜ੍ਹਸ਼ੰਕਰ, 28 ਅਪ੍ਰੈਲ (ਧਾਲੀਵਾਲ)-ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਮੁਲਾਜ਼ਮਾਂ ਪ੍ਰਤੀ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60 ਫ਼ੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ਼ 42 ਫ਼ੀਸਦੀ ਹੀ ਦਿੱਤਾ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਦੇ ਆਈ.ਏ.ਐੱਸ./ਆਈ.ਪੀ.ਐੱਸ. ਪੱਧਰ ਦੇ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੇ ਬਰਾਬਰ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜੋ ਕਿ ਸਰਾਸਰ ਪੰਜਾਬ ਦੇ ਮੁਲਾਜ਼ਮਾਂ ਨਾਲ ਧੱਕਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਹੋਰ ਰਸਤੇ ਲੱਭਣ ਵਿਚ ਸਮਾਂ ਲੰਘਾ ਕੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਭੱਤਾ ਦੇਣ ਸਬੰਧੀ ਪੰਜਾਬ ਸਰਕਾਰ ਦਾ ਨਾਮ ਬਾਕੀ ਰਾਜਾਂ ਦੀ ਸੂਚੀ ਨਾਲੋਂ ਬਹੁਤ ਪਿੱਛੇ ਹੈ | ਕੋਈ ਸਮਾਂ ਸੀ ਜਦੋਂ ਪੰਜਾਬ ਸਰਕਾਰ ਸਭ ਤੋਂ ਪਹਿਲਾ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਦਾ ਸੀ, ਪੰਜਾਬ ਸਰਕਾਰ ਦੇ ਇਸ ਰਵੱਈਏ ਕਾਰਨ ਪੰਜਾਬ ਦੇ ਮੁਲਾਜ਼ਮ ਪੂਰੇ ਗ਼ੁੱਸੇ ਵਿਚ ਹਨ ਅਤੇ ਉਸ ਦਿਨ ਨੂੰ ਯਾਦ ਕਰਕੇ ਪਛਤਾ ਰਹੇ ਹਨ ਜਿਸ ਦਿਨ ਮੁਲਾਜ਼ਮਾਂ ਵਲੋਂ ਕੱਟੜ ਇਮਾਨਦਾਰ ਸਰਕਾਰ ਬਣਨ 'ਤੇ ਸਵਾਗਤ ਲਈ ਸਕੱਤਰੇਤ ਦੀਆਂ ਸਾਰੀਆਂ ਮੰਜ਼ਿਲਾਂ ਤੋਂ ਫ਼ੁਲ ਵਰਸਾਏ ਸਨ | ਭੁੱਲੇਵਾਲ ਰਾਠਾਂ ਨੇ ਅਕਾਲੀ ਸਰਕਾਰ ਦੌਰਾਨ ਮੁਲਾਜ਼ਮਾਂ ਪੱਖੀ ਕੀਤੇ ਕੰਮਾਂ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਮੁਲਾਜ਼ਮਾਂ ਨੂੰ ਚਾਰ ਪੇ ਕਮਿਸ਼ਨ ਦਿੱਤੇ ਗਏ, ਆਈ.ਏ.ਐੱਸ/ਆਈ.ਪੀ.ਐੱਸ. ਅਧਿਕਾਰੀਆਂ ਨੂੰ ਡੀ.ਏ. ਦੇਣ ਸਬੰਧੀ ਵੱਖਰਾ ਪੱਤਰ ਵਾਪਸ ਕਰਾਇਆ, ਸੀ ਗ੍ਰੇਡ ਦੇ ਕਰਮਚਾਰੀਆਂ ਨੂੰ 3200 ਗ੍ਰੇਡ ਪੇ ਦਾ ਵਾਧਾ ਕਰਾਇਆ ਅਤੇ ਹੋਰ ਵੀ ਬਹੁਤ ਸਾਰੇ ਮੁਲਾਜ਼ਮ-ਪੱਖੀ ਫ਼ੈਸਲੇ ਕਰਵਾਏ ਗਏ ਸਨ |