ਸਮੁੰਦੜਾ, 30 ਅਪ੍ਰੈਲ (ਤੀਰਥ ਸਿੰਘ ਰੱਕੜ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਹਰ ਸਾਲ ਕਰਵਾਈ ਜਾਂਦੀ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਐੱਨ.ਐੱਮ.ਐੱਮ.ਐੱਸ. ਦੀ ਪ੍ਰੀਖਿਆ 2025 ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਦੇ ਚੁਣੇ ਗਏ ਵਿਦਿਆਰਥੀ ਸਾਗਰ ਲੋਈ ਨੂੰ ਸਮੂਹ ਸਟਾਫ਼ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪਿ੍ੰਸੀਪਲ ਸ਼੍ਰੀਮਤੀ ਪੂਨਮ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਧਮਾਈ ਸਕੂਲ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਪ੍ਰਾਪਤੀਆਂ ਕਰਦੇ ਆ ਰਹੇ ਹਨ | ਇਸ ਵਾਰ ਵੀ ਵਿਦਿਆਰਥੀ ਸਾਗਰ ਲੋਈ ਨੇ ਇਸ ਪ੍ਰੀਖਿਆ ਨੂੰ ਪਾਸ ਕਰਕੇ ਸਕੂਲ ਦਾ, ਮਾਪਿਆਂ ਦਾ ਅਤੇ ਸਟਾਫ਼ ਦਾ ਨਾਮ ਉੱਚਾ ਕੀਤਾ ਹੈ | ਸਕੂਲ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਚੁਣੇ ਹੋਏ ਵਿਦਿਆਰਥੀ ਨੂੰ ਨੌਵੀਂ ਸ਼੍ਰੇਣੀ ਤੋਂ ਲੈ ਕੇ ਬਾਰ੍ਹਵੀਂ ਤੱਕ 12000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ਼ ਚਾਰ ਸਾਲਾਂ ਵਿੱਚ 48000 ਰੁਪਏ ਸਕਾਲਰਸ਼ਿਪ ਮਿਲੇਗਾ | ਵਿਦਿਆਰਥੀ ਨੂੰ ਸਨਮਾਨਿਤ ਕਰਨ ਮੌਕੇ ਮੈਡਮ ਕੁਲਵਿੰਦਰ ਕੌਰ, ਪਰਮਜੀਤ ਸਿੰਘ, ਜਸਵੀਰ ਸਿੰਘ, ਦੀਪਕ ਕੌਸ਼ਲ, ਕਮਲਜੀਤ ਕੌਰ, ਬਲਕਾਰ ਸਿੰਘ, ਖੁਸ਼ਵਿੰਦਰ ਕੌਰ, ਸੂਬੇਦਾਰ ਜੋਗਾ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |