ਰੱਤੇਵਾਲ, 30 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਪ੍ਰੈੱਸ ਐਂਡ ਵੈੱਲਫੇਅਰ ਕਲੱਬ ਰਜਿਸਟਰਡ ਕਾਠਗੜ੍ਹ ਦੀ ਮੀਟਿੰਗ ਕਲੱਬ ਦੇ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਕਲੱਬ ਦੇ ਅਹੁਦੇਦਾਰ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਕਲੱਬ ਦੇ ਪ੍ਰਧਾਨ ਕਮਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੱਤਰਕਾਰੀ ਕੋਈ ਪੇਸ਼ਾ ਨਹੀਂ ਹੈ ਸਗੋਂ ਇਸ ਨਾਲ ਅਸੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰਦੇ ਹਾਂ | ਸਾਨੂੰ ਸਾਰਿਆਂ ਨੂੰ ਨਿਰਪੱਖਤਾ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ | ਪੱਤਰਕਾਰਾਂ ਨੂੰ ਸਮਾਜ ਦੀਆਂ ਮੁਸ਼ਕਿਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਬੇਝਿੱਜਕ ਹੋ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ | ਇਲਾਕੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ | ਆਪਣੇ ਪੱਤਰਕਾਰ ਭਾਈਚਾਰੇ 'ਚ ਆਪਸੀ ਪਿਆਰ ਅਤੇ ਇਕ ਜੁੱਟ ਹੋ ਕੇ ਰਹਿਣ ਦੀ ਵੀ ਅਪੀਲ ਕੀਤੀ | ਉਹਨਾਂ ਇਹ ਵੀ ਕਿਹਾ ਕਿ ਇਸ ਕਲੱਬ ਦੀ ਮਹੀਨਾ ਵਾਰ ਮੀਟਿੰਗ ਕੀਤੀ ਜਾਇਆ ਕਰੇਗੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਲੀਲ, ਮੀਤ ਪ੍ਰਧਾਨ ਜਸਵਿੰਦਰ ਮਜਾਰਾ, ਜਨਰਲ ਸਕੱਤਰ ਅਵਤਾਰ ਸਿੰਘ ਧੀਮਾਨ, ਮੁੱਖ ਸਲਾਹਕਾਰ ਸੁਰਜੀਤ ਸਿੰਘ ਕੰਗਣਾ ਬੇਟ ਨੇ ਵੀ ਵਿਚਾਰ ਸਾਂਝੇ ਕੀਤੇ | ਸਾਰੇ ਮੈਂਬਰਾਂ ਨੇ ਪ੍ਰਧਾਨ ਕਮਲ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਕਲੱਬ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਅਤੇ ਕਲੱਬ ਦੀ ਬੇਹਤਰੀ ਲਈ ਹਰ ਸੰਭਵ ਯਤਨ ਕਰਾਂਗੇ | ਅਖੀਰ ਵਿੱਚ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਨੇ ਸਾਰੇ ਅਹੁਦੇਦਾਰ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ |