ਕਟਾਰੀਆਂ, 30 ਅਪ੍ਰੈਲ (ਪ੍ਰੇਮੀ ਸੰਧਵਾਂ)-ਗ਼ਰੀਬ ਲੜਕੀਆਂ ਦੇ ਵਿਆਹਾਂ ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ 'ਤੇ ਆਪਣੇ ਜੀਵਨ ਸਾਥੀ ਅਜੈ ਫਿਲੌਰ ਅਤੇ ਆਪਣੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਪੈਰ-ਪੈਰ 'ਤੇ ਮਦਦ ਕਰਨ ਵਾਲੀ ਉੱਘੀ ਸਮਾਜ ਸੇਵਿਕਾ ਮੈਡਮ ਹਰਜਿੰਦਰ ਕੌਰ ਚਾਹਲ ਨੇ ਜਨਮ ਲੈਣ ਤੋਂ ਪਹਿਲਾਂ ਹੀ ਕੁੱਝ ਕੁ ਬੇਦਰਦੇ ਲੋਕਾਂ ਵਲੋਂ ਪੁੱਤਾਂ ਦੀ ਲਾਲਸਾ 'ਚ ਧੀਆਂ ਦੇ ਕਰਵਾਏ ਜਾਂਦੇ ਕਤਲਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਧੀਆਂ ਦਾ ਕੁੱਖ ਵਿੱਚ ਹੀ ਕਤਲ ਕਰਵਾਉਣਾ ਸਾਡੇ ਸਮਾਜ ਦੇ ਮੱਥੇ 'ਤੇ ਕਲੰਕ ਹੈ, ਕਿਉਂਕਿ ਧੀਆਂ ਤੋਂ ਬਿਨਾ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ | ਸਮਾਜ ਸੇਵਿਕਾ ਹਰਜਿੰਦਰ ਕੌਰ ਚਾਹਲ ਪਤਨੀ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਧੀਆਂ ਦਾ ਕੁੱਖ ਵਿਚ ਕਤਲ ਕਰਵਾਉਣ ਵਾਲੇ ਅਕਲ ਦੇ ਅੰਨਿ੍ਹਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਦੀ ਧੀ ਮਾਂ ਦੇ ਕੁੱਖੋਂ ਜਨਮ ਲੈ ਕੇ ਇਸ ਰੰਗਲੀ ਦੁਨੀਆ 'ਤੇ ਆਏ ਹਾਂ | ਮੈਡਮ ਹਰਜਿੰਦਰ ਕੌਰ ਚਾਹਲ ਨੇ ਕਿਹਾ ਕਿ ਧੀਆਂ ਦਾ ਕੁੱਖ ਵਿੱਚ ਕਤਲ ਕਰਵਾਉਣ ਵਾਲੇ ਬੇਦਰਦੇ ਲੋਕਾਂ ਨੂੰ ਇਹ ਗੱਲ ਜਰੂਰ ਸਮਝਣੀ ਚਾਹੀਦੀ ਹੈ ਕਿ ਸਾਡੇ ਵਲੋਂ ਰੱਬ ਦੇ ਬਣਾਏ ਗਏ ਅਸੂਲਾਂ ਨਾਲ ਛੇੜਛਾੜ ਕਰਨ ਦੀ ਸਜ਼ਾ ਪ੍ਰਮਾਤਮਾ ਇਕ ਨਾ ਇਕ ਦਿਨ ਜ਼ਰੂਰ ਦੇਵੇਗਾ |