ਬੰਗਾ, 30 ਅਪ੍ਰੈਲ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਕੈਂਸਰ ਕੇਅਰ ਸੈਂਟਰ ਅਤੇ ਰਘਬੀਰ ਚਾਹਲ ਟਰੱਸਟ ਦੇ ਸਹਿਯੋਗ ਨਾਲ ਇਕ ਵਿਸ਼ਾਲ ਕੈਂਸਰ ਜਾਗਰੂਕਤਾ ਕੈਂਪ 01 ਮਈ 2026 ਦਿਨ ਸ਼ੁੱਕਰਵਾਰ ਨੂੰ ਏ. ਐੱਸ. ਫਰੋਜ਼ਨ ਫੂਡਸ, ਕਰਨਾਣਾ ਰੋਡ ਨਾਗਰਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਬਾਗੀ ਅਤੇ ਸ਼ਮਿੰਦਰ ਸਿੰਘ ਗਰਚਾ, ਹਰਮਨਪ੍ਰੀਤ ਸਿੰਘ ਰਾਣਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਹਮੇਸ਼ਾਂ ਹੀ ਸਮਾਜ ਸੇਵਾ ਦੇ ਕਾਰਜਾਂ ਵਿਚ ਅੱਗੇ ਰਹਿੰਦਾ ਆ ਰਿਹਾ ਹੈ ਅਤੇ ਕਲੱਬ ਵਲੋਂ ਸਮੇਂ-ਸਮੇਂ 'ਤੇ ਸਿਹਤ ਜਾਂਚ ਕੈਂਪ, ਰੁੱਖ ਲਗਾਉਣ ਮੁਹਿੰਮਾਂ, ਸਫ਼ਾਈ ਅਭਿਆਨ, ਲੋੜਵੰਦਾਂ ਦੀ ਸਹਾਇਤਾ ਅਤੇ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ 'ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ, ਇਸੇ ਮਕਸਦ ਨਾਲ ਇਹ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਨੂੰ ਕਰਨਲ ਰਘਵੀਰ ਸਿੰਘ ਚਾਹਲ ਅਤੇ ਜਸਪਾਲ ਸਿੰਘ ਜੱਸੀ ਡਿਪਟੀ ਜਨਰਲ ਮੈਨੇਜਰ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਸੰਬੋਧਨ ਕਰਨਗੇ, ਜੋ ਸਹੀ ਖੁਰਾਕ, ਸੁੱਚੀ ਦਿਨਚਰੀ, ਜੀਵਨ ਸ਼ੈਲੀ ਵਿਚ ਬਦਲਾਅ ਤੇ ਕੁਦਰਤੀ ਤਰੀਕਿਆਂ ਰਾਹੀਂ ਕੈਂਸਰ ਤੋਂ ਬਚਾਅ ਸਬੰਧੀ ਕੀਮਤੀ ਜਾਣਕਾਰੀ ਸਾਂਝੀ ਕਰਨਗੇ | ਕਲੱਬ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਜਾਗਰੂਕਤਾ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਇਸ ਉਪਰਾਲੇ ਦਾ ਲਾਭ ਪ੍ਰਾਪਤ ਕਰਨ | ਇਹ ਕੈਂਪ ਠੀਕ ਦੁਪਹਿਰ 12:00ਵਜੇ ਸ਼ੁਰੂ ਹੋਵੇਗਾ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਵੀ ਹਾਜ਼ਰ ਰਹਿਣਗੇ |