ਕਟਾਰੀਆਂ, 10 ਮਈ (ਪ੍ਰੇਮੀ ਸੰਧਵਾਂ)-ਕਟਾਰੀਆਂ ਦੀ ਦਾਣਾ ਮੰਡੀ 'ਚੋਂ ਕਣਕ ਦੀ ਚੁਕਾਈ ਨਾ ਹੋਣ 'ਤੇ ਖਫਾ ਹੋਏ ਆੜ੍ਹਤੀਆਂ ਤੇ ਮਜ਼ਦੂਰਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਚੁਕਾਈ ਦਾ ਕੰਮ ਰੁਕਣ ਕਾਰਨ ਆੜ੍ਹਤੀ ਤੇ ਮਜ਼ਦੂਰ ਮੰਡੀ 'ਚ ਬੱਝ ਕੇ ਬੈਠੇ ਹਨ, ਜਿਸ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਅੰਦਰ ਰੋਸ ਫੈਲਿਆ ਹੋਇਆ ਹੈ | ਆੜ੍ਹਤੀ ਐਸੋਸੀਏਸ਼ਨ ਕਟਾਰੀਆਂ ਦੇ ਪ੍ਰਧਾਨ ਤੇ ਅਗਾਂਹਵਧੂ ਕਿਸਾਨ ਗੁਰਚਰਨ ਸਿੰਘ ਗੁਰੂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਕਿਸਾਨ ਆਗੂ ਹਰਵਿੰਦਰ ਸਿੰਘ ਭੁੱਲਰ ਲਾਦੀਆਂ, ਆੜ੍ਹਤੀ ਜਸਪਾਲ ਸਿੰਘ, ਆੜ੍ਹਤੀ ਪ੍ਰਭਦੀਪ ਸਿੰਘ ਮੁੱਤੀ, ਆੜ੍ਹਤੀ ਜਸਵਿੰਦਰ ਸਿੰਘ ਵਿਰਕ, ਕਿਸਾਨ ਤੇ ਮਜ਼ਦੂਰ ਆਗੂ ਰਣਜੀਤ ਸਿੰਘ ਰਾਣਾ ਕਟਾਰੀਆਂ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਦਾ ਹਰ ਵਰਗ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਕਿਉਂਕਿ ਮੰਡੀ ਦੇ ਆਲੇ ਦੁਆਲੇ ਚਾਰ ਦੀਵਾਰੀ ਨਾ ਹੋਣ ਕਾਰਨ ਕਣਕ ਦੀ ਚੋਰੀ ਹੋਣ ਦਾ ਵੀ ਡਰ ਰਹਿੰਦਾ ਹੈ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ | ਪ੍ਰਧਾਨ ਗੁਰਚਰਨ ਸਿੰਘ ਗੁਰੂ, ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੰਡੀਆਂ ਵਿਚ ਕਿਸੇ ਵੀ ਵਰਗ ਨੂੰ ਕੋਈ ਪੇ੍ਰਸ਼ਾਨੀ ਨਹੀਂ ਆਵੇਗੀ ਪਰ ਇਹ ਵਾਅਦਾ ਸਰਕਾਰ ਦਾ ਹਵਾ ਵਿਚ ਹੀ ਲਟਕਿਆ ਹੋਇਆ ਹੈ | ਪ੍ਰਧਾਨ ਗੁਰਚਰਨ ਸਿੰਘ ਗੁਰੂ, ਐਡਵੋਕੇਟ ਬਲਵੰਤ ਸਿੰਘ ਲਾਦੀਆਂ ਤੇ ਹੋਰ ਆੜ੍ਹਤੀਆਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਟਾਰੀਆਂ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਨਾ ਸ਼ੁਰੂ ਕੀਤਾ ਗਿਆ ਤਾਂ ਉਹ ਕਟਾਰੀਆਂ ਬੱਸ ਅੱਡੇ 'ਤੇ ਮਜ਼ਬੂਰ ਹੋ ਕੇ ਚੱਕਾ ਜਾਮ ਕਰਨਗੇ |