ਰਾਹੋਂ, 17 ਮਈ (ਉਂਕਾਰ ਸਿੰਘ ਰਾਠੋਰ)-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰਾਹੋਂ ਦੀ ਸਿਆਸਤ ਵਿਚ ਵੱਡਾ ਸਿਆਸੀ ਧਮਾਕਾ ਹੋਇਆ ਹੈ | ਕਾਂਗਰਸ ਪਾਰਟੀ ਰਾਹੋਂ ਦੇ ਮਜ਼ਬੂਤ ਆਗੂ ਤੇ ਸਰਕਲ ਪ੍ਰਧਾਨ ਮੁਕੇਸ਼ ਚੋਪੜਾ ਬੌਬੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ | ਇਸ ਵੱਡੇ ਸਿਆਸੀ ਫ਼ੈਸਲੇ ਨਾਲ ਕਾਂਗਰਸ ਖੇਮੇ ਵਿਚ ਖਲਬਲੀ ਮੱਚ ਗਈ ਹੈ, ਜਦਕਿ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਮੁਕੇਸ਼ ਚੋਪੜਾ ਬੌਬੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਬਜ਼ਰਵਰ ਕਮਲ ਜੇਤਲੀ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਬੌਬੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਖਾਰਾ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਿਲ ਕਰਵਾਇਆ ਗਿਆ | ਅਕਾਲੀ ਦਲ ਵਿਚ ਸ਼ਾਮਿਲ ਹੁੰਦੇ ਹੀ ਮੁਕੇਸ਼ ਚੋਪੜਾ ਬੌਬੀ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਜ਼ਮੀਨੀ ਪੱਧਰ ਦੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ | ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਕਾਂਗਰਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਰਹੇ, ਪਰ ਪਾਰਟੀ ਵਲੋਂ ਉਨ੍ਹਾਂ ਨੂੰ ਕਦੇ ਬਣਦਾ ਸਤਿਕਾਰ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਮਗਰੋਂ ਉਨ੍ਹਾਂ ਦੀ ਪਤਨੀ, ਜੋ ਵਾਰਡ ਨੰਬਰ 9 ਤੋਂ ਚੋਣ ਲੜ ਰਹੀ ਸੀ, ਨੂੰ ਪਾਰਟੀ ਨੇ ਤੁਰੰਤ ਸਮਰਥਨ ਦਿੱਤਾ | ਉਨ੍ਹਾਂ ਕਿਹਾ ਕਿ ਜੋ ਕੰਮ ਕਾਂਗਰਸ 30 ਸਾਲਾਂ ਵਿਚ ਨਹੀਂ ਕਰ ਸਕੀ, ਉਹ ਅਕਾਲੀ ਦਲ ਨੇ ਇਕ ਦਿਨ ਵਿਚ ਕਰ ਦਿਖਾਇਆ | ਮੁਕੇਸ਼ ਚੋਪੜਾ ਬੌਬੀ ਨੇ ਦਾਅਵਾ ਕੀਤਾ ਕਿ ਹੁਣ ਉਹ ਹੇਮੰਤ ਬੌਬੀ ਦੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਅਤੇ ਰਾਹੋਂ ਵਿਚ 13 ਦੀਆਂ 13 ਸੀਟਾਂ ਜਿੱਤਾ ਕੇ ਅਕਾਲੀ ਦਲ ਦਾ ਝੰਡਾ ਲਹਿਰਾਉਣਗੇ | ਇਸ ਮੌਕੇ ਸਾਬਕਾ ਕੌਂਸਲਰ ਮਹਿੰਦਰ ਸਿੰਘ ਸੰਧੂ, ਬਲਦੇਵ ਸਿੰਘ ਭਾਗੀ, ਕੁਲਬੀਰ ਸਿੰਘ, ਦਿਲਬਾਗ ਸਿੰਘ, ਮੋਹਨ ਲਾਲ ਜਾਂਗੜਾ, ਯਸ਼ਪਾਲ ਜਾਂਗੜਾ, ਬਲਵਿੰਦਰ ਸਿੰਘ, ਰਾਜਵੰਤ ਸਿੰਘ ਬਾਜਵਾ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਰਿੱਕੀ ਰਾਠੋਰ, ਗੌਰਵ ਗਾਬਾ, ਅਮਰਜੀਤ ਸਿੰਘ, ਪਰਤੀਕ ਸਿੰਘ, ਕੁਲਵਿੰਦਰ ਸਿੰਘ ਖੱਖ, ਬੱਲੀ ਕਾਹਲੋਂ, ਬੰਤ ਸਿੰਘ, ਬਲਜੀਤ ਸਿੰਘ ਬਾਜਵਾ, ਉਂਕਾਰ ਸਿੰਘ, ਯਸ਼ਪਾਲ ਜਾਂਗੜਾ, ਰਣਧੀਰ ਸਿੰਘ ਹਾਜ਼ਰ ਸਨ |