ਜਾਡਲਾ, 17 ਮਈ (ਹਰਕੰਵਲ ਸਿੰਘ ਕੌਲਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਮਨਦੀਪ ਸਿੰਘ ਥਿਆੜਾ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਝੋਨੇ ਦੇ ਭਾਅ 'ਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਗਿਆ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਕੇਂਦਰ ਸਰਕਾਰ ਦੇ ਝੋਨੇ ਦੇ ਭਾਅ ਵਿਚ ਮਾਮੂਲੀ ਵਾਧਾ ਕੀਤਾ ਸੀ, ਜੋ ਕਿ ਨਾਕਾਫ਼ੀ ਹੈ | ਕਿਸਾਨਾਂ ਵਿਚ ਇਸ ਗੱਲ ਲਈ ਨਮੋਸ਼ੀ ਸੀ, ਭਾਰਤ ਸਰਕਾਰ ਨੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਹੋਰ ਲੂਣ ਛਿੜਕਦਿਆਂ ਡੀਜ਼ਲ ਤੇ ਪੈਟਰੋਲ ਦਾ ਭਾਅ ਤਿੰਨ ਰੁਪਏ ਵਧਾ ਦਿੱਤਾ | ਜਿਸ ਨਾਲ ਦੇਸ਼ ਦੀ ਜਨਤਾ 'ਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਹੋਰ ਮਹਿੰਗਾਈ ਦੀ ਮਾਰ ਹੇਠ ਦੱਬੇ ਜਾਣਗੇ |