ਬੰਗਾ, 18 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਤਾਇਨਾਤ ਸਾਇੰਸ ਮਾਸਟਰ ਰਾਕੇਸ਼ ਕੁਮਾਰ ਦੀ ਬਦਲੀ ਹੋਣ ਉਪਰੰਤ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਸਨਮਾਨ ਸਹਿਤ ਵਿਦਾਇਗੀ ਦੇਣ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ | ਦੱਸਣਯੋਗ ਹੈ ਕਿ ਰਾਕੇਸ਼ ਕੁਮਾਰ ਆਪਣੀ ਬਦਲੀ ਕਰਵਾ ਕੇ ਹੁਣ ਆਪਣੇ ਜੱਦੀ ਖੇਤਰ ਦੇ ਸਕੂਲ ਵਿਚ ਸੇਵਾਵਾਂ ਨਿਭਾਉਣ ਲਈ ਜਾ ਰਹੇ ਹਨ | ਸਕੂਲ ਦੇ ਮੁੱਖ ਅਧਿਆਪਕਾ ਮੈਡਮ ਜਸਵਿੰਦਰ ਕੌਰ ਨੇ ਰਾਕੇਸ਼ ਕੁਮਾਰ ਦੁਆਰਾ ਸਕੂਲ ਵਿਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਉਹਨਾਂ ਕਿਹਾ ਕਿ ਰਾਕੇਸ਼ ਕੁਮਾਰ ਨੇ ਹਮੇਸ਼ਾ ਮਿਹਨਤ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਵਿਚ ਨਿਪੁੰਨ ਬਣਾਉਣ ਲਈ ਯੋਗਦਾਨ ਪਾਇਆ ਹੈ | ਰਾਕੇਸ਼ ਕੁਮਾਰ ਨੇ ਸਕੂਲ ਪ੍ਰਤੀ ਆਪਣੀ ਲਗਨ ਤੇ ਪਿਆਰ ਦਾ ਸਬੂਤ ਦਿੰਦਿਆਂ, ਵਿਦਾਇਗੀ ਮੌਕੇ ਸਕੂਲ ਦੀ ਬਿਹਤਰੀ ਅਤੇ ਵਿਕਾਸ ਕਾਰਜਾਂ ਲਈ 5100 ਰੁਪਏ ਦੀ ਨਕਦ ਰਾਸ਼ੀ ਦਾਨ ਵਜੋਂ ਭੇਟ ਕੀਤੀ | ਉਹਨਾਂ ਦੇ ਇਸ ਉੱਦਮ ਦੀ ਹਾਜ਼ਰ ਸਟਾਫ਼ ਤੇ ਪਤਵੰਤਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ | ਮੈਡਮ ਜਸਵਿੰਦਰ ਕੌਰ ਨੇ ਉਨ੍ਹਾਂ ਵਲੋਂ ਦਿੱਤੀ ਗਈ ਦਾਨ ਰਾਸ਼ੀ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |