ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)-ਸਰਕਾਰ ਹੜ੍ਹ ਪੀੜਤਾਂ ਨੂੰ ਨੁਕਸਾਨੇ ਮਕਾਨ ਬਨਾਉਣ ਲਈ ਦਿੱਤੀ ਗ੍ਰਾਂਟ ਦੀ ਦੂਜੀ ਕਿਸ਼ਤ ਵੀ ਜਾਰੀ ਕਰੇ | ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਨੇ ਇਥੇ ਆਖੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਿਆ ਹੀ ਹੜ੍ਹ ਪੀੜਤਾਂ ਨਾਲ ਹਮਦਰਦੀ ਰੱਖਦੀ ਹੈ ਤਾਂ ਤੁਰੰਤ ਦੂਜੀ ਕਿਸ਼ਤ ਵੀ ਜਾਰੀ ਕਰੇ ਤਾਂ ਜੋ ਮਕਾਨਾਂ ਦੀਆਂ ਛੱਤਾਂ ਤੋਂ ਜਿਹੜੇ ਲੋਕ ਵਾਂਝੇ ਹਨ ਉਹ ਛੱਤਾਂ ਪਾ ਸਕਣ | ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਲੋਕਾਂ ਕੋਲ ਜੋ ਪੈਸੇ ਸਨ ਉਹ ਖਰਚ ਕੇ ਕੰਧਾਂ ਆਦਿ ਬਣਾ ਚੁੱਕੇ ਹਨ ਪਰ ਛੱਤਾਂ ਲਈ ਦੂਜੀ ਗਰਾਂਟ ਆਉਣ ਦੀ ਉਡੀਕ ਕਰਦੇ-ਕਰਦੇ ਪ੍ਰੇਸ਼ਾਨ ਹਨ ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਵਿੱਚ ਜੋ ਲੋਕਾਂ ਨਾਲ ਵਾਇਦੇ ਕੀਤੇ ਸਨ ਉਹ ਪਹਿਲ ਦੇ ਅਧਾਰ 'ਤੇ ਪੂਰੇ ਵੀ ਕੀਤੇ ਗਏ ਸਨ | ਇਸ ਲਈ ਲੋਕ ਹੁਣ ਕਾਂਗਰਸ ਪਾਰਟੀ ਨੂੰ ਯਾਦ ਕਰ ਰਹੇ ਹਨ ਕਿਉਕਿ ਕਾਂਗਰਸ ਹੀ ਲੋਕਾਂ ਦੀ ਸੱਚੀ ਹਮਦਰਦ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾ ਹੋਵੇ ਕਿ ਪ੍ਰਭਾਵਿਤ ਲੋਕ ਸ਼ੰਘਰਸ਼ ਕਰਨ ਲਈ ਮਜਬੂਰ ਹੋ ਜਾਣ |