ਸੜੋਆ, 19 ਮਈ (ਹਰਮੇਲ ਸਹੂੰਗੜਾ) - ਆਜ਼ਾਦੀ ਤੋਂ ਬਾਅਦ ਪਿੰਡ ਸੜੋਆ ਲਗਪਗ 1964 ਅਤੇ 1965 ਦੇ ਕਰੀਬ ਹੋਂਦ 'ਚ ਆਇਆ ਸੀ | ਪਹਿਲਾਂ ਕਸਬਾ ਸੜੋਆ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੀ | ਕਾਫੀ ਲੰਮਾ ਸਮਾਂ ਬੀਤ ਜਾਣ ਮਗਰੋਂ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਕਸਬਾ ਸੜੋਆ ਨੂੰ ਬਲਾਕ ਦਾ ਦਰਜਾ ਦੇਣ ਮਗਰੋਂ ਵੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਲਾਤ ਉਸੇ ਤਰ੍ਹਾਂ ਹਨ | ਸਰਕਾਰਾਂ ਬਣਦੀਆਂ ਗਈਆਂ ਤੇ ਬਹੁਤ ਸਮੇਂ ਮਗਰੋਂ ਸੜੋਆ ਨੂੰ ਇੱਕ ਹਸਪਤਾਲ ਨਸੀਬ ਹੋਇਆ | ਉਸ ਹਸਪਤਾਲ 'ਚ ਪਹਿਲਾਂ ਛੋਟੇ ਤੋਂ ਲੈ ਕੇ ਵੱਡੇ ਆਪ੍ਰੇਸ਼ਨ ਹੁੰਦੇ ਸਨ ਅਤੇ ਉਸ ਵੇਲੇ ਡਾਕਟਰਾਂ ਤੇ ਸਟਾਫ਼ ਦੀ ਗਿਣਤੀ ਕਾਫੀ ਹੁੰਦੀ ਸੀ | ਇਥੋਂ ਦੇ ਸਟਾਫ਼ ਲਈ ਰਹਿਣ ਲਈ ਸਰਕਾਰ ਵਲੋਂ ਰਿਹਾਇਸ਼ੀ ਕੁਆਟਰਾਂ ਜੋ ਕਰੀਬ 1973 'ਚ ਬਣਾ ਕੇ ਦਿੱਤੇ ਸਨ | ਇਨ੍ਹਾਂ ਕੁਆਟਰਾਂ 'ਚ ਕੁੱਝ ਲੋਕਾਂ ਵਲੋਂ ਰਹਿਣ ਦਾ ਵਸੇਰਾ ਕੀਤਾ ਹੋਇਆ ਹੈ | ਇਕ ਕੁਆਟਰ 'ਚ ਭੂਮੀ ਰੱਖਿਆ ਦਾ ਦਫ਼ਤਰ ਤੇ ਦੂਜੇ ਕੁਆਟਰ 'ਚ ਪੁਲਿਸ ਚੌਂਕੀ ਬਣੀ ਹੋਈ ਹੈ ਅਤੇ 1992 'ਚ ਨਵੀਂ ਸਰਕਾਰ ਕਾਂਗਰਸ ਦੀ ਬਣੀ ਤਾਂ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸਵ: ਦਿਲਬਾਗ ਸਿੰਘ ਦੇ ਯਤਨਾਂ ਸਦਕਾ ਜੋ ਸੜੋਆ ਦੇ ਕੰਢੀ ਇਲਾਕੇ ਦੇ ਲੋਕਾਂ ਨੂੰ ਕੰਮ ਕਰਾਉਣ ਲਈ ਹੁਸ਼ਿਆਰਪੁਰ ਜਾਣਾ ਪੈਂਦਾ ਸੀ ਉਨ੍ਹਾਂ ਦੀ ਕੋਸ਼ਿਸ਼ ਸਦਕਾ ਬਲਾਕ ਸੜੋਆ ਦੇ ਪਿੰਡਾਂ ਨੂੰ ਨਵਾਂਸ਼ਹਿਰ ਨਾਲ ਜੋੜ ਕੇ ਹੁਸ਼ਿਆਰਪੁਰ ਜਾਣ ਤੋਂ ਲੋਕਾਂ ਦਾ ਖਹਿੜਾ ਛੁਡਵਾਇਆ ਸੀ | ਇਨ੍ਹਾਂ ਸਮੱਸਿਆਵਾਂ ਬਾਰੇ ਦੱਸਦੇ ਹੋਏ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਚੌਧਰੀ ਸੁਖਵਿੰਦਰ ਸਿੰਘ ਅਤੇ ਐਸ. ਸੀ ਸੈੱਲ ਦੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨਰਿੰਦਰ ਪਾਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਮਗਰੋਂ ਵੀਹ ਸਾਲ ਰਾਜ ਕਰਨ ਵਾਲੀ ਅਕਾਲੀ ਸਰਕਾਰ ਵੇਲੇ ਸੜੋਆ ਦੇ ਹਸਪਤਾਲ 'ਚੋਂ ਵਧੀਆ ਸਟਾਫ਼ ਹੌਲੀ-ਹੌਲੀ ਸ਼ਿਫਟ ਕਰ ਦਿੱਤਾ ਸੀ | ਹਲੇ ਤੱਕ ਕੋਈ ਸਰਜਨ ਨਸੀਬ ਨਹੀਂ ਹੋ ਸਕਿਆ ਨਾ ਹੀ ਗਾਇਨੀ ਡਾਕਟਰ ਮਿਲੀ ਅਤੇ ਦੰਦਾਂ ਦਾ ਡਾਕਟਰ ਵੀ ਸਰਕਾਰ ਨਹੀਂ ਭੇਜ ਸਕੀ | ਪਿੰਡ ਦੇ ਛੱਪੜ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ | ਉਗੀ ਹੋਈ ਬੂਟੀ ਨਾਲ ਛੱਪੜ ਭਰਿਆ ਪਿਆ ਹੈ | ਬੈਂਕ ਮੁਹਰੇ ਤੇ ਪੁਲਿਸ ਚੌਂਕੀ ਮੁਹਰੇ ਕੱਚਰੇ ਦੇ ਢੇਰ ਲੱਗੇ ਹੋਣ ਕਰਕੇ ਬੈਂਕ ਮੁਲਾਜਮਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੇ ਲੀਡਰਾਂ ਨੇ ਵੋਟਾਂ ਵੇਲੇ ਵੱਡੇ-ਵੱਡੇ ਲਾਰੇ ਲਾਏ ਕਿ ਸੜੋਆ ਨੂੰ ਸਬ ਤਹਿਸੀਲ ਬਣਾਂਵਾਂਗੇ ਹਲੇ ਤੱਕ ਇਹ ਮੰਗ ਪੂਰੀ ਨਹੀਂ ਕਰ ਸਕੇ ਅਤੇ ਹਰ ਲੀਡਰ ਨੇ ਸੜੋਆ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ |