ਕਾਠਗੜ੍ਹ, 4 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ | ਜਾਣਕਾਰੀ ਮੁਤਾਬਿਕ ਏ. ਐਸ. ਆਈ. ਪ੍ਰੇਮ ਲਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੇਨ ਜੀ. ਟੀ. ਰੋਡ ਕਾਠਗੜ੍ਹ ਮੋੜ ਕੋਲ ਮੌਜੂਦ ਸੀ | ਇਸੇ ਦੌਰਾਨ ਸੜਕ ਦੇ ਸੱਜੇ ਪਾਸੇ ਸਾਹਮਣੇ ਤੋਂ ਇਕ ਨੌਜਵਾਨ ਲੜਕਾ ਆਉਂਦਾ ਦਿਖਾਈ ਦਿੱਤਾ | ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਉਸ ਨੌਜਵਾਨ ਨੇ ਘਬਰਾਹਟ ਵਿਚ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਪਲਾਸਟਿਕ ਦਾ ਲਿਫ਼ਾਫ਼ਾ ਕੱਢ ਕੇ ਸੜਕ ਦੇ ਕੰਢੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਤੇਜ਼ ਕਦਮੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਪੁਲਿਸ ਪਾਰਟੀ ਨੇ ਮੁਸਤੈਦੀ ਵਰਤਦਿਆਂ ਉਕਤ ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਜਦੋਂ ਪੁਲਿਸ ਵਲੋਂ ਉਸ 'ਤੇ ਸੁੱਟੇ ਗਏ ਲਿਫ਼ਾਫ਼ੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਤਾਂ ਉਸ 'ਚੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਸਾਹਿਲ ਪੁੱਤਰ ਓਮ ਪ੍ਰਕਾਸ਼, ਵਾਸੀ ਨੇੜੇ ਸੈਣੀ ਟਾਵਰ, ਬੰਗਾ ਰੋਡ, ਨਵਾਂਸ਼ਹਿਰ (ਥਾਣਾ ਸਿਟੀ ਨਵਾਂਸ਼ਹਿਰ, ਜ਼ਿਲ੍ਹਾ ਐਸ. ਬੀ. ਐਸ. ਨਗਰ) ਵਜੋਂ ਹੋਈ ਹੈ |