ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਦਿਨ 31 ਮਈ 1987 ਤੋਂ ਮਨਾਇਆ ਜਾਦਾ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਦਾਂ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਦਾ ਕੋਈ ਵੀ ਰੂਪ ਹੋਵੇ, ਉਹ ਮਨੁੱਖੀ ਜੀਵਨ ਲਈ ਘਾਤਕ ਹੀ ਸਿੱਧ ਹੁੰਦਾ ਹੈ | ਬੀੜੀ, ਸਿਗਰਟ ਅਤੇ ਕੂਲ ਲਿਪ ਆਦਿ ਮੁੱਖ ਕਾਰਕ ਹਨ ਜੋ ਕਿ ਅੱਜ ਦੇ ਸਮਾਜ ਨੂੰ ਮੌਤ ਦੀ ਡੂੰਘੀ ਖਾਈ ਵਿਚ ਸੁੱਟ ਰਹੇ ਹਨ | ਇਸ ਲਈ ਸਾਨੂੰ ਸਾਰਿਆਂ ਨੂੰ ਹੀ ਇਸ ਦੇ ਭਿਆਨਕ ਸਿੱਟਿਆ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਸਮਾਜ ਵਿਚ ਵੀ ਇਸ ਦੀ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਤੰਬਾਕੂ ਹੀ ਹੈ, ਜਿਸ ਦੇ ਕਾਰਨ ਕੈਂਸਰ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ | ਇਹ ਦਿਨ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਤੰਬਾਕੂ ਦੇ ਵੱਖ-ਵੱਖ ਫਲੇਵਰ ਮਾਰਕੀਟ ਵਿਚ ਵਿਕ ਰਹੇ ਹਨ, ਉਨ੍ਹਾਂ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਤੇ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ | ਇਸ ਮੌਕੇ ਦਿਨੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਪਰਵੀਨ ਕੁਮਾਰੀ, ਵਿਜੇ ਕੁਮਾਰ, ਕੁਲਵੰਤ ਸਿੰਘ, ਕੁੱਲਵਿੰਦਰ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਤੇ ਮਰੀਜ਼ ਹਾਜ਼ਰ ਸਨ |