29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦੀ ਹਾਲਤ ਖ਼ੁਦ ਵੈਂਟੀਲੇਟਰ 'ਤੇ, ਪੰਜਾਬ ਸਰਕਾਰ ਦਾ ਦਿੱਲੀ ਮਾਡਲ ਫੇਲ੍ਹ-ਰਾਜਾ ਵੜਿੰਗ

ਅਜੀਤ ਡੈਸਕ 07-06-2026

ਕਾਠਗੜ੍ਹ, 6 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦਾ ਸਰਕਾਰੀ ਹਸਪਤਾਲ ਇਨੀਂ ਦਿਨੀਂ ਖ਼ੁਦ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ ਤੇ ਇਸ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਮੌਜੂਦਾ ਸਰਕਾਰ ਕੋਲ ਜਨਤਾ ਨੂੰ ਦੇਣ ਲਈ ਕੋਈ ਜਵਾਬ ਨਹੀਂ ਹੈ | ਇਸੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਟੀਮ ਸਮੇਤ ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ | ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਜੰਡੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਨ ਲਾਲ ਸੰਧੂ, ਕੁਲਦੀਪ ਦੀਪਾ ਨਿੱਘੀ, ਪ੍ਰਵੀਨ ਚੌਧਰੀ, ਬਲਜਿੰਦਰ ਸਿੰਘ ਸਰਪੰਚ ਤੇ ਕਈ ਹੋਰ ਕਾਂਗਰਸੀ ਵਰਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਦੁਪਹਿਰ ਤੋਂ ਬਾਅਦ ਹੋਏ ਇਸ ਅਚਨਚੇਤ ਦੌਰੇ ਕਾਰਨ ਹਸਪਤਾਲ ਵਿਚ ਮੌਜੂਦ ਸਟਾਫ਼ ਵਿਚ ਹੜਕੰਪ ਮਚ ਗਿਆ | ਕਾਂਗਰਸ ਪ੍ਰਧਾਨ ਨੇ ਪੂਰੇ ਹਸਪਤਾਲ ਦਾ ਬਰੀਕੀ ਨਾਲ ਨਿਰੀਖਣ ਕੀਤਾ ਅਤੇ ਉੱਥੇ ਤਾਇਨਾਤ ਕਰਮਚਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ | ਹਸਪਤਾਲ ਦੀ ਖ਼ਸਤਾ ਹਾਲਤ ਦੇਖ ਕੇ ਉਨ੍ਹਾਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਨਤਾ ਨੂੰ ਇਥੇ ਕੀ ਸਹੂਲਤ ਮਿਲੇਗੀ, ਇਹ ਹਸਪਤਾਲ ਤਾਂ ਖ਼ੁਦ ਹੀ ਵੈਂਟੀਲੇਟਰ 'ਤੇ ਚੱਲ ਰਿਹਾ ਹੈ | ਉਨ੍ਹਾਂ ਹਸਪਤਾਲ ਦੇ ਅੰਦਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦਾ ਵੀ ਜਾਇਜ਼ਾ ਲਿਆ, ਜੋ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਬਿਨਾ ਡਾਕਟਰ ਤੋਂ ਬੰਦ ਪਿਆ ਸੀ ਅਤੇ ਉੱਥੇ ਕੁਰਸੀਆਂ ਖਾਲੀ ਸਨ | ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਓਟ ਸੈਂਟਰ ਦਾ ਵੀ ਨਿਰੀਖਣ ਕੀਤਾ, ਜੋ ਬਿਨਾਂ ਡਾਕਟਰਾਂ ਦੇ ਚੱਲ ਰਿਹਾ ਸੀ ਅਤੇ ਡਾਕਟਰਾਂ ਦੇ ਸਾਰੇ ਕਮਰੇ ਬੰਦ ਪਾਏ ਗਏ | ਹਸਪਤਾਲ ਦੇ ਹਾਲਾਤ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਇਥੇ ਸ਼ਰੇਆਮ ਪੋਲ ਖੁੱਲ੍ਹ ਰਹੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਚਾਰ ਸਾਲ ਬੀਤ ਰਹੇ ਹਨ, ਪਰ ਜਨਤਾ ਅਜੇ ਤੱਕ ਦਿੱਲੀ ਵਾਲਾ ਮਾਡਲ ਦੇਖਣ ਨੂੰ ਤਰਸ ਰਹੀ ਹੈ | ਹਸਪਤਾਲ ਵਿਚ ਲੰਬੇ ਸਮੇਂ ਤੋਂ ਐਸ. ਐਮ. ਓ. ਦਾ ਅਹਿਮ ਅਹੁਦਾ ਖਾਲੀ ਚੱਲ ਰਿਹਾ ਹੈ ਅਤੇ ਸਿਰਫ਼ ਇਕ ਆਯੂਰਵੈਦਿਕ ਡਾਕਟਰ ਦੇ ਸਹਾਰੇ ਹੀ ਪੂਰੇ ਹਸਪਤਾਲ ਤੇ ਮੁਹੱਲਾ ਕਲੀਨਿਕ ਨੂੰ ਛੱਡਿਆ ਹੋਇਆ ਹੈ | ਰਾਜਾ ਵੜਿੰਗ ਨੇ ਹਸਪਤਾਲ ਦੇ ਸਟਾਫ਼ ਤੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉੱਥੋਂ ਹੀ ਫੇਸਬੁੱਕ 'ਤੇ ਲਾਈਵ ਹੋ ਕੇ ਜਨਤਾ ਲਈ ਆਪਣਾ ਸੰਦੇਸ਼ ਛੱਡਿਆ |

ਪਿਛਲੀ ਖ਼ਬਰ ਤਿੰਨ ਦਿਨਾਂ ਤੋਂ ਚੱਲ ਰਿਹਾ ਗੁਰਬਾਣੀ ਸੰਥਿਆ ਗੁਰਮਤਿ ਪ੍ਰਚਾਰ ਸਮਾਗਮ ਸਮਾਪਤ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਕਰਦਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।