ਮੁਕੰਦਪੁਰ, 8 ਜੂਨ (ਅਮਰੀਕ ਸਿੰਘ ਢੀਡਸਾ)-ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਰਾਸ਼ਟਰੀ ਟੀ. ਬੀ. ਖਾਤਮਾ ਪ੍ਰੋਗਰਾਮ ਤਹਿਤ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ 'ਟੀ. ਬੀ. ਮੁਕਤ ਭਾਰਤ' ਐੱਪ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਸੰਬੰਧੀ ਐਸ. ਐਮ. ਓ. ਡਾ. ਨੀਨਾ ਸ਼ਾਂਤ ਨੇ ਕਿਹਾ ਕਿ 'ਟੀ. ਬੀ. ਮੁਕਤ ਭਾਰਤ' ਐੱਪ ਟੀ. ਬੀ. ਖਾਤਮੇ ਲਈ ਇਕ ਮਹੱਤਵਪੂਰਨ ਡਿਜੀਟਲ ਪਲੇਟਫਾਰਮ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਐੱਪ ਟੀ. ਬੀ. ਮਰੀਜ਼ਾਂ, ਸਿਹਤ ਕਰਮਚਾਰੀਆਂ, ਵਲੰਟੀਅਰਾਂ ਤੇ ਨਿਕਸ਼ੇ ਮਿੱਤਰਾਂ ਨੂੰ ਇਕੋ ਮੰਚ 'ਤੇ ਜੋੜ ਕੇ ਮਰੀਜ਼ਾਂ ਦੀ ਨਿਰੰਤਰ ਨਿਗਰਾਨੀ, ਇਲਾਜ ਦੀ ਪ੍ਰਗਤੀ ਤੇ ਪੋਸ਼ਣ ਸਹਾਇਤਾ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ | ਉਨ੍ਹਾਂ ਦੱਸਿਆ ਕਿ ਐੱਪ ਵਿਚ ਏ. ਆਈ. ਆਧਾਰਿਤ ਖੁਸ਼ੀ (ਈ-ਸੰਗਿਨੀ) ਫੀਚਰ ਵੀ ਸ਼ਾਮਲ ਹੈ, ਜਿਸ ਰਾਹੀਂ ਲੋਕ ਵੱਖ-ਵੱਖ ਭਾਸ਼ਾਵਾਂ ਵਿਚ ਟੀ. ਬੀ. ਸੰਬੰਧੀ ਆਪਣੇ ਸਵਾਲਾਂ ਦੇ ਤੁਰੰਤ ਅਤੇ ਸਹੀ ਜਵਾਬ ਪ੍ਰਾਪਤ ਕਰ ਸਕਦੇ ਹਨ | ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ ਨੇ ਕਿਹਾ ਕਿ ਇਹ ਐੱਪ ਐਂਡਰਾਇਡ ਮੋਬਾਈਲ ਫੋਨਾਂ ਲਈ ਪਲੇਅ ਸਟੋਰ 'ਤੇ ਉਪਲੱਬਧ ਹੈ ਤੇ ਹਰ ਨਾਗਰਿਕ ਨੂੰ ਇਸ ਦੀ ਵਰਤੋਂ ਕਰਕੇ ਟੀ. ਬੀ. ਖਾਤਮੇ ਦੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਟੀ. ਬੀ. ਇਕ ਪੂਰੀ ਤਰ੍ਹਾਂ ਇਲਾਜਯੋਗ ਬਿਮਾਰੀ ਹੈ | ਸਮੇਂ ਸਿਰ ਜਾਂਚ, ਨਿਯਮਿਤ ਦਵਾਈ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਸੀ. ਐਚ. ਓ. ਡਾ. ਕੁਲਵਰੰਦੀਪ ਸਿੰਘ, ਸੋਨੀਆ, ਕਿਰਨ, ਹਰਪ੍ਰੀਤ ਸਿੰਘ ਬੀ. ਈ. ਈ., ਏ. ਐਨ. ਐਮ. ਕਿ੍ਸ਼ਨਾ ਤੇ ਬਲਜਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |