ਜਾਡਲਾ, 9 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਜਾਡਲਾ ਪਿੰਡ ਤੋਂ ਮੁੱਖ ਮਾਰਗ ਤੱਕ ਜਾਂਦੀ ਸੜਕ ਦੇ ਕਿਨਾਰੇ ਖੜ੍ਹੇ ਸੁੱਕੇ ਦਰਖ਼ਤ ਲੋਕਾਂ ਦੀ ਜਾਨ-ਮਾਲ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ | ਇਲਾਕਾ ਵਾਸੀਆਂ ਅਨੁਸਾਰ ਕਈ ਦਰਖ਼ਤ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ ਅਤੇ ਤੇਜ਼ ਹਨੇਰੀ ਜਾਂ ਮਾੜੇ ਮੌਸਮ ਦੌਰਾਨ ਇਨ੍ਹਾਂ ਦੀਆਂ ਟਾਹਣੀਆਂ ਟੁੱਟ ਕੇ ਸੜਕ ਉੱਤੇ ਡਿੱਗ ਰਹੀਆਂ ਹਨ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਇਹ ਸੜਕ ਰੋਜ਼ਾਨਾ ਸੈਂਕੜਿਆਂ ਵਾਹਨਾਂ ਅਤੇ ਰਾਹਗੀਰਾਂ ਵੱਲੋਂ ਵਰਤੀ ਜਾਂਦੀ ਹੈ | ਵਿਦਿਆਰਥੀ, ਕਿਸਾਨ ਅਤੇ ਨੌਕਰੀਪੇਸ਼ਾ ਲੋਕ ਵੀ ਇਸ ਰਸਤੇ ਰਾਹੀਂ ਆਉਣਾ-ਜਾਣਾ ਕਰਦੇ ਹਨ | ਪਿਛਲੇ ਕੱੁਝ ਦਿਨਾਂ ਦੌਰਾਨ ਆਈਆਂ ਤੇਜ਼ ਹਵਾਵਾਂ ਕਾਰਨ ਕਈ ਸੁੱਕੀਆਂ ਟਾਹਣੀਆਂ ਸੜਕ ਉੱਤੇ ਡਿੱਗੀਆਂ, ਜਿਸ ਨਾਲ ਰਾਹਗੀਰਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਖੁਸ਼ਕਿਸਮਤੀ ਨਾਲ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਹਾਦਸਾ ਹੋ ਸਕਦਾ ਹੈ | ਸਮਾਜ ਸੇਵੀ ਰਾਜੇਸ਼ ਪਾਲ ਖੰਨਾ ਨੇ ਇਸ ਗੰਭੀਰ ਸਮੱਸਿਆ ਵੱਲ ਪ੍ਰਸ਼ਾਸਨ ਦਾ ਧਿਆਨ ਖਿੱਚਦਿਆਂ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੇ ਸੁੱਕੇ ਅਤੇ ਖਤਰਨਾਕ ਦਰਖ਼ਤਾਂ ਦੀ ਜਾਂਚ ਕਰਵਾ ਕੇ ਇਨ੍ਹਾਂ ਨੂੰ ਹਟਾਇਆ ਜਾਵੇ ਜਾਂ ਲੋੜ ਅਨੁਸਾਰ ਛਾਂਟਿਆ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਰੋਕਥਾਮੀ ਕਦਮ ਚੁੱਕਣੇ ਚਾਹੀਦੇ ਹਨ | ਇਲਾਕਾ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ, ਤਾਂ ਜੋ ਸੜਕ 'ਤੇ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਾਇਆ ਜਾ ਸਕੇ |