ਮਜਾਰੀ/ਸਾਹਿਬਾ, 9 ਜੂਨ (ਨਿਰਮਲਜੀਤ ਸਿੰਘ ਚਾਹਲ)-ਚਣਕੋਆ ਅੱਡੇ 'ਚ ਬੱਸਾਂ ਦੁਬਾਰਾ ਫਿਰ ਨਾ ਰੁੱਕਣ ਕਾਰਨ ਵਿਦਿਆਰਥੀ ਤੇ ਆਮ ਲੋਕ ਫਿਰ ਪ੍ਰੇਸ਼ਾਨ ਹੋ ਰਹੇ ਹਨ | ਇਸ ਬੱਸ ਅੱਡੇ ਤੋਂ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੜਕੇ-ਲੜਕੀਆਂ ਬੱਸਾਂ ਚੜ੍ਹ ਕੇ ਸਕੂਲਾਂ ਤੇ ਕਾਲਜਾਂ ਨੂੰ ਪੜ੍ਹਨ ਜਾਂਦੇ ਹਨ ਤੇ ਆਮ ਲੋਕ ਆਪਣੇ ਕੰਮਾਂ ਲਈ ਜਾਂਦੇ ਹਨ | ਇਥੇ ਸਰਕਾਰੀ ਤੇ ਨਿੱਝੀ ਬੱਸਾਂ ਨਾ ਰੁੱਕਣ ਕਾਰਨ ਤੇ ਪ੍ਰਸ਼ਾਸ਼ਨ ਦੀ ਅਣਦੇਖੀ ਤੋਂ ਅੱਕੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਤੇ ਪਿੰਡਾਂ ਦੇ ਲੋਕਾਂ ਨੇ 21 ਅਪ੍ਰੈਲ ਨੂੰ ਰਾਜ ਮਾਰਗ ਨੂੰ ਕਈ ਘੰਟੇ ਜਾਮ ਕਰਕੇ ਰੋਸ ਜਾਹਰ ਕੀਤਾ ਸੀ | ਫਿਰ ਪੁਲਿਸ ਪ੍ਰਸ਼ਾਸ਼ਨ ਵਲੋਂ ਬੱਸਾਂ ਦੇ ਜੁੰਮੇਵਾਰ ਵਿਅਕਤੀਆਂ ਨੂੰ ਸੱਦ ਕੇ ਲੋਕਾਂ ਨੂੰ ਇਹ ਲਿੱਖਵਾ ਕੇ ਦਿੱਤਾ ਸੀ ਕਿ ਸਾਰੀਆਂ ਬੱਸਾਂ ਇਥੇ ਰੁੱਕ ਕੇ ਜਾਇਆ ਕਰਨਗੀਆਂ | ਕੁਝ ਸਮਾਂ ਬੱਸਾ ਰੁਕਦੀਆਂ ਵੀ ਰਹੀਆਂ ਹੁਣ ਫਿਰ ਰੁਕਣੋਂ ਹੱਟ ਗਈਆਂ | ਇਸ ਬਾਰੇ ਰਣਵੀਰ ਸਿੰਘ ਭੱਟੀ, ਚਮਨ ਲਾਲ, ਦਿਲਾਵਰ ਸਿੰਘ, ਦਰਸ਼ਣ ਸਿੰਘ, ਹਰਦੀਪ ਸਿੰਘ ਤੇ ਚੰਦਨ ਨੇ ਦੱਸਿਆ ਕਿ ਹੁਣ ਕੱੁਝ ਸਮੇਂ ਤੋਂ ਸਰਕਾਰੀ ਤੇ ਰਾਜਧਾਨੀ ਦੀਆਂ ਬੱਸਾਂ ਬਿਲਕੁੱਲ ਨਹੀ ਰੁਕਦੀਆਂ | ਸਕੂਲ ਕਾਲਜ ਤੋਂ ਆਉਣ ਵਾਲੇ ਵਿਦਿਆਰਥੀਆਂ ਜਿਨ੍ਹਾਂ ਵਿਚ ਜਿਆਦਾਤਰ ਲੜਕੀਆਂ ਹੁੰਦੀਆਂ ਹਨ ਨੂੰ ਇਨ੍ਹਾਂ ਬੱਸਾਂ ਵਾਲਿਆਂ ਵਲੋਂ ਮਜਾਰੀ ਅਤੇ ਬਲਾਚੌਰ ਦੇ ਅੱਡਿਆਂ 'ਚ ਹੀ ਲਿਜਾ ਕੇ ਉਤਾਰਿਆ ਜਾ ਰਿਹਾ ਹੈ, ਜਿਸ ਕਾਰਨ ਲੜਕੀਆਂ ਦੇ ਮਾਪਿਆਂ ਨੂੰ ਆਪ ਜਾ ਕੇ ਲਿਆਣਾ ਪੈਂਦਾ ਹੈ | ਉਨਾਂ ਕਿਹਾ ਬੱਸਾਂ ਵਾਲਿਆਂ ਦੀ ਮਨਮਾਨੀ ਕਾਰਨ ਵਿਦਿਆਰਥੀ ਉਨਾਂ ਦੇ ਮਾਪੇ ਤੇ ਆਮ ਮੁਸਾਫਿਰ ਖੱਜਲ-ਖੁਅਰ ਹੋ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੱਸਾਂ ਵਾਲਿਆਂ ਦੀ ਮਨਮਾਨੀ ਨੂੰ ਰੋਕਿਆ ਜਾਵੇ ਤੇ ਚਣਕੋਆ ਅੱਡੇ 'ਚ ਬੱਸਾਂ ਦਾ ਰੁੱਕਣਾਂ ਯਕੀਨੀ ਬਣਾਇਆ ਜਾਵੇ |