ਬੰਗਾ, 9 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵੱਲੋਂ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਸੱਤਵੇਂ ਭੰਗੜਾ ਸਿਖਲਾਈ ਕੈਂਪ ਦਾ ਸ਼ਾਨਦਾਰ ਆਗਾਜ਼ ਹੋਇਆ, ਜਿਸ ਦੇ ਉਦਘਾਟਨ ਲਈ ਡਾ. ਰਾਜ ਕੁਮਾਰ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨਾਲ ਰਮਨ ਕੁਮਾਰ ਖੋਸਲਾ, ਜਰਨੈਲ ਸਿੰਘ ਪੱਲੀ-ਝਿੱਕੀ ਸਕੱਤਰ ਸਥਾਨਕ ਪ੍ਰਬੰਧਕ ਕਮੇਟੀ, ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪਿ੍ੰਸੀਪਲ ਸਾਹਿਬ ਡਾ: ਭਿੰਡਰ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਡਾ. ਖੋਸਲਾ ਨੇ ਰਿਬਨ ਕੱਟ ਕੇ ਭੰਗੜਾ ਕੈਂਪ ਦਾ ਸ਼ੁਰੂਆਤੀ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨ ਲਈ ਬਿਰਲੀਆਂ ਸੰਸਥਾਵਾਂ ਹੀ ਇਹੋ ਜਿਹੇ ਉਪਰਾਲੇ ਕਰਦੀਆਂ ਹਨ | ਜਿਸ ਲਈ ਪਿ੍ੰ. ਡਾ. ਤਰਸੇਮ ਸਿੰਘ ਭਿੰਡਰ, ਜਰਨੈਲ ਸਿੰਘ ਪੱਲੀ-ਝਿੱਕੀ, ਸਟਾਫ਼ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ | ਜਰਨੈਲ ਸਿੰਘ ਪੱਲੀ ਝਿੱਕੀ ਨੇ ਸਿਖਿਆਰਥੀਆਂ ਨੂੰ ਇਸ ਕੈਂਪ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਤ ਕੀਤਾ | ਇਸ ਕੈਂਪ ਦੌਰਾਨ ਪ੍ਰਸਿੱਧ ਭੰਗੜਾ ਕੋਚ ਪਵਨ ਬਾਈ ਅਜੀਮਲ ਵੱਲੋਂ ਰੋਜ਼ਾਨਾ ਢੋਲ ਦੀ ਤਾਲ 'ਤੇ ਭੰਗੜੇ ਦੀਆਂ ਨਾਚ ਮੁਦਰਾਵਾਂ ਸਿਖਾਈਆਂ ਜਾਣਗੀਆਂ | ਕੈਂਪ ਦੇ ਪਹਿਲੇ ਦਿਨ ਭਰਪੂਰ ਉਤਸ਼ਾਹ ਨਾਲ 70 ਦੇ ਕਰੀਬ ਸਿਖਿਆਰਥੀ ਹਾਜ਼ਰ ਹੋਏ | ਅੰਤ 'ਚ ਮੁੱਖ ਮਹਿਮਾਨ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਕੈਂਪ ਲਈ ਵਿੱਤੀ ਸਹਾਇਤਾ ਵੀ ਦਿੱਤੀ | ਇਸ ਮੌਕੇ ਮਨਮੰੰਤ ਸਿੰਘ ਲਾਇਬ੍ਰੇਰੀਅਨ ਕੈਂਪ ਇੰਚਾਰਜ ਅਤੇ ਸਿਖਿਆਰਥੀ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ |