ਮੁਕੰਦਪੁਰ, 9 ਜੂਨ (ਅਮਰੀਕ ਸਿੰਘ ਢੀਡਸਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ. ਐੱਮ. ਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਗਿਆ | ਐੱਸ. ਐੱਮ. ਓ ਡਾ. ਨੀਨਾ ਸ਼ਾਂਤ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਸੀ. ਐੱਚ. ਸੀ ਮੁਕੰਦਪੁਰ ਅਤੇ ਪੀ. ਐੱਚ. ਸੀ ਔੜ ਵਿਖੇ ਹੁੰਦਾ ਹੈ | ਇਸ ਅਭਿਆਨ ਦੇ ਤਹਿਤ ਸਰਕਾਰੀ ਹਸਪਤਾਲ ਵਿਚ ਗਰਭਵਤੀ ਔਰਤਾਂ ਨੂੰ ਮੁਫ਼ਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ | ਲੇਡੀ ਡਾਕਟਰ ਵਲੋਂ ਗਰਭਵਤੀ ਔਰਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕੋਈ ਦਰਦ ਜਾਂ ਜੋਖਿਮ ਹੋਣ 'ਤੇ ਮਰੀਜ ਦਾ ਪੂਰਾ ਇਲਾਜ ਕੀਤਾ ਜਾਂਦਾ ਹੈ | ਇਸ ਹਸਪਤਾਲ ਵਿਚ ਗਰਭਵਤੀ ਔਰਤਾਂ ਦੇ ਮੁਫ਼ਤ ਟੈਸਟ ਵੀ ਕੀਤੇ ਜਾਂਦੇ ਹਨ ਅਤੇ ਖੂਨ ਦੀ ਘਾਟ ਹੋਣ 'ਤੇ ਜ਼ਰੂਰੀ ਦਵਾਈਆਂ ਜਿਵੇਂ ਕਿ ਆਇਰਨ ਦੀ ਗੋਲੀਆਂ ਅਤੇ ਸਿਰਪ ਦਿੱਤਾ ਜਾਂਦਾ ਹੈ | ਗਰਭਵਤੀ ਔਰਤ ਦੀ ਇੱਕ ਸਕੈਨਿੰਗ ਵੀ ਅਧਿਕਾਰਤ ਸਕੈਨਿੰਗ ਸੈਂਟਰ 'ਚ ਮੁਫ਼ਤ ਕੀਤੀ ਜਾਂਦੀ ਹੈ | ਡਿਲੀਵਰੀ ਫ੍ਰੀ ਕਰਨ ਦੇ ਨਾਲ ਗਰਭਵਤੀ ਨੂੰ ਤਿੰਨੋ ਵਕਤ ਦਾ ਖਾਣਾ ਵੀ ਸਰਕਾਰੀ ਹਸਪਤਾਲ ਵਿੱਚ ਹੀ ਦਿੱਤਾ ਜਾਂਦਾ ਹੈ, ਮਰੀਜ 108 ਐਂਬੂਲੈਂਸ ਦੀ ਸੇਵਾ ਦਾ ਫ੍ਰੀ ਲਾਭ ਲੈ ਸਕਦਾ ਹੈ | ਡਿਲੀਵਰੀ ਹੋਣ ਉਪਰੰਤ ਪਰਿਵਾਰ ਨਿਯੋਜਨ ਦੇ ਤਰੀਕੇ ਵੀ ਹਸਪਤਾਲ ਸਟਾਫ਼ ਵੱਲੋਂ ਮਰੀਜ਼ ਨੂੰ ਦੱਸੇ ਅਤੇ ਲਾਗੂ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ 10 ਸਾਲ ਪੂਰੇ ਹੋਣ 'ਤੇ ਮਾਤਾ ਅਤੇ ਬਾਲ ਸਿਹਤ ਖੇਤਰ ਵਿੱਚ ਪੀ.ਐੱਮ.ਐੱਸ.ਐੱਮ.ਏ. ਇਕ ਮਹੱਤਵਪੂਰਨ ਮੀਲ ਪੱਥਰ ਬਣਿਆ ਹੈ | ਇਸ ਮੌਕੇ ਡਾ. ਪੂਨਮਦੀਪ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਦੱਸਿਆ ਅਤੇ ਬੇਟੀ ਨੂੰ ਪੁੱਤਰਾ ਦੇ ਸਮਾਨ ਦਰਜਾ ਦੇਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਸਾਡੇ ਸਮਾਜ ਵਿਚੋਂ ਗ਼ਲਤ ਤਰੀਕੇ ਨਾਲ ਗਾਇਬ ਹੋ ਰਹੀਆਂ ਬੇਟੀਆਂ ਨੂੰ ਸੁਰੱਖਿਅਤ ਰੱਖੀਏ | ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿੱਖਿਅਤ ਕਰਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ | ਬੀ. ਈ. ਈ. ਹਰਪ੍ਰੀਤ ਸਿੰਘ ਵਲੋਂ ਇਸ ਮੌਕੇ ਗਰਭਵਤੀ ਔਰਤਾਂ ਨਾਲ ਆਏ ਹੋਏ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੂੰ ਕੇਅਰ ਕੰਪੈਨੀਅਨ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਪੂਨਮਦੀਪ, ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ, ਐੱਲ.ਐੱਚ ਵੀ. ਚਰਨਜੀਤ ਕੌਰ ਅਤੇ ਰਾਜਕੁਮਾਰੀ, ਆਸ਼ਾ ਫੈਸੀਲੀਟੇਟਰ ਰਾਜਵਿੰਦਰ ਕੌਰ ਤੇ ਜਸਵਿੰਦਰ ਕੌਰ ਆਦਿ ਮੌਜੂਦ ਸਨ |