ਬੰਗਾ, 9 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸੀ. ਪੀ. ਆਈ ਦੀ ਬੰਗਾ ਤਹਿਸੀਲ ਕਮੇਟੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਸੁਸ਼ੀਲ ਮੰਢਾਲੀ ਨੇ ਕੀਤੀ | ਇਸ ਮੀਟਿੰਗ 'ਚ ਉਚੇਚੇ ਤੌਰ 'ਤੇ ਸੀ. ਪੀ. ਆਈ. ਐੱਮ. ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਨੇ ਜ਼ਿਲ੍ਹਾ ਸਕੱਤਰੇਤ ਦੇ ਫੈਸਲੇ ਦੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਬੰਗਾ ਤਹਿਸੀਲ ਦੇ ਸੈਕਟਰੀ ਜੋਗਿੰਦਰ ਲੜੋਆ ਨੇ ਬਿਮਾਰ ਰਹਿਣ ਕਾਰਨ ਪਾਰਟੀ ਤੋਂ ਛੇ ਮਹੀਨੇ ਦੀ ਛੁੱਟੀ ਲਈ ਹੈ | ਉਨ੍ਹਾਂ ਦੀ ਥਾਂ ਕਾਮਰੇਡ ਕੁਲਦੀਪ ਝਿੰਗੜ ਨੂੰ ਬੰਗਾ ਤਹਿਸੀਲ ਦਾ ਐਕਟਿੰਗ ਸਕੱਤਰ ਚੁਣਿਆ ਗਿਆ | ਸਾਥੀ ਦੌਲਤਪੁਰ ਨੇ ਕਿਹਾ ਸੂਬਾ ਕਮੇਟੀ ਦੇ ਫੈਸਲੇ ਨੂੰ ਇਨਬਿਨ ਲਾਗੂ ਕੀਤਾ ਜਾਵੇਗਾ | ਪਾਰਟੀ ਫੈਸਲੇ ਅਨੁਸਾਰ ਪੰਡਿਤ ਕਿਸ਼ੋਰੀ ਲਾਲ ਦੀ ਬਰਸੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਈ ਜਾਵੇਗੀ | ਫੈਸਲੇ ਅਨੁਸਾਰ ਤਹਿਸੀਲ 'ਚੋ ਲੱਗੇ ਕੋਟੇ ਦੇ ਡੀ.ਵਾਈ.ਐਫ.ਆਈ ਅਤੇ ਐਸ.ਐਫ.ਆਈ ਦੇ ਸਾਥੀਆਂ ਨੂੰ ਲਿਜਾਣ ਦਾ ਪ੍ਰਬੰਧ ਕੀਤਾ ਜਾਵੇਗਾ | ਕੌਮਾਂਤਰੀ ਲੀਡਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ 1 ਅਗਸਤ ਨੂੰ ਚੰਡੀਗੜ ਮਨਾਈ ਜਾਵੇਗੀ, ਜਿਸ ਵਿਚ ਬੰਗਾ ਤਹਿਸੀਲ 'ਚੋਂ ਭਾਰੀ ਗਿਣਤੀ 'ਚ ਸਾਥੀ ਸ਼ਾਮਿਲ ਹੋਣਗੇ | ਇਸ ਮੌਕੇ 'ਤੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ, ਮੋਦੀ ਸਰਕਾਰ ਮਹਿੰਗਾਈ ਨੂੰ ਰੋਕਣ ਵਿੱਚ ਅਸਫਲ ਰਹੀ ਹੈ | ਗ਼ਰੀਬ ਮਜਦੂਰ ਕਿਰਤ ਕਰਨ ਵਾਲੇ ਲੋਕਾਂ ਨੂੰ ਰੋਟੀ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਜਿਵੇਂ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਚੌਖਾ ਵਾਧਾ ਕਰਕੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਗਿਆ ਹੈ | ਕਾਮਰੇਡ ਚਰਨਜੀਤ ਦੌਲਤਪੁਰ ਨੇ ਕਿਹਾ ਕਿ ਬਿਜਲੀ ਦਫ਼ਤਰ ਨਗਰ ਨਿਗਮ ਦੇ ਮੋਹਰੇ ਰੁਜ਼ਗਾਰ ਹੱਕ ਮੰਗਦੇ ਨਿਹੱਥੇ ਨੌਜਵਾਨਾਂ 'ਤੇ ਜੋ ਬੇਲਗਾਮ ਹੋਈ ਪੁਲਸ ਨੇ ਤਸ਼ੱਦਦ ਕਰਦਿਆਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ, ਇਸ ਦੀ ਤਹਿਸੀਲ ਕਮੇਟੀ ਬੰਗਾ ਪੁਰਜੋਰ ਨਿਖੇਧੀ ਕਰਦੀ ਹੈ | ਇਸ ਮੌਕੇ ਹੁਸਨ ਸਿੰਘ ਮਾਂਗਟ, ਬਲਵਿੰਦਰ ਸਿੰਘ ਹੀਓਾ, ਨਿਰਮਲ ਨੂਰਪੁਰ, ਗੁਰਦੇਵ ਗੋਬਿੰਦਪੁਰ, ਕਮਲਜੀਤ ਰੱਕੜ, ਗਗਨ ਆਬਾਦੀ, ਈਸ਼ਾ ਆਬਾਦੀ, ਬੱਗਾ ਕੰਗਰੋੜ, ਹਰਦੇਵ ਰਟੈਂਡਾ, ਗੁਰਦੀਪ ਗੁਲਾਟੀ ਅਤੇ ਹੋਰ ਸਾਥੀ ਹਾਜ਼ਰ ਸਨ | ਅੰਤ ਵਿਚ ਸੁਸ਼ੀਲ ਮੰਢਾਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ |