ਸਾਹਲੋਂ, 10 ਜੂਨ (ਜਰਨੈਲ ਸਿੰਘ ਨਿੱਘ੍ਹਾ)-ਸੂਬਾ ਸਰਕਾਰ ਵਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਚਲਾਈ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਕਰਿਆਮ ਤੋਂ ਸਰਪੰਚ ਮਨਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦੀ ਅਗਵਾਈ ਵਿਚ ਪਿੰਡ ਵਾਸੀ ਸੰਗਤਾਂ ਨੂੰ ਲੈ ਕੇ ਬੱਸ ਰਵਾਨਾ ਹੋਈ | ਸਮਾਜ ਸੇਵੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ | ਉਨ੍ਹਾ ਨੇ ਦੱਸਿਆ ਪਿੰਡ ਵਿਚ ਬਹੁਤ ਲੋਕ ਅਜਿਹੇ ਹਨ ਜੋ ਆਰਥਿਕ ਤੰਗੀ ਕਾਰਨ ਇਨ੍ਹਾਂ ਧਾਰਮਿਕ ਅਸਥਾਨਾਂ 'ਤੇ ਜਾਣ ਤੋਂ ਅਸਮੱਥ ਸਨ, ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਨੇ ਦੱਸਿਆ ਇਹ ਮੁੱਖ ਮੰਤਰੀ ਤੀਰਥ ਯਾਤਰਾ ਤਿੰਨ ਦਿਨ ਲਈ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਅਸਥਾਨਾਂ ਜਿਸ ਵਿਚ ਸ੍ਰੀ ਹਰਮਿੰਦਰ ਸਾਹਿਬ, ਮਹਾਂਰਿਸ਼ੀ ਬਾਲਮੀਕ ਮੰਦਿਰ, ਸ੍ਰੀ ਦੁਰਗਿਆਣਾ ਮੰਦਿਰ, ਜਲਿਆਵਾਲਾਂ ਬਾਗ ਅਤੇ ਬਾਘਾ ਬਾਰਡਰ ਦੇ ਸੰਗਤਾਂ ਨੂੰ ਦਰਸ਼ਨਾਂ ਲਈ ਲੈ ਕੇ ਜਾਵੇਗੀ | ਉਨ੍ਹਾਂ ਨੇ ਦੱਸਿਆ ਜਿੱਥੇ ਤਿੰਨ ਦਿਨਾਂ ਦਾ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਖਰਚ ਸਰਕਾਰ ਕਰੇਗੀ, ੳੇੱਥੇ ਵਾਪਸੀ 'ਤੇ ਸ਼ਰਧਾਲੂਆਂ ਨੂੰ ਯਾਤਰਾ ਨਿਸ਼ਾਨੀ ਵੀ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਦੇ ਪੱਤਵੰਤੇ ਵੀ ਹਾਜ਼ਰ ਸਨ |