21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਿਵਲ ਹਸਪਤਾਲ ਬਲਾਚੌਰ ਵਿਖੇ ਡਾਕਟਰਾਂ ਦੇ ਦੇਰੀ ਨਾਲ ਆਉਣ ਕਾਰਨ ਮਰੀਜ਼ ਹੋ ਰਹੇ ਖੱਜਲ-ਖੁਆਰ

ਅਜੀਤ ਡੈਸਕ 24-06-2026

ਬਲਾਚੌਰ, 23 ਜੂਨ (ਨਰੇਸ਼ ਧੌਲ)-ਇਕ ਪਾਸੇ ਪੰਜਾਬ ਸਰਕਾਰ ਜਿਥੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਦੂਜੇ ਪਾਸੇ ਹਸਪਤਾਲਾਂ ਅੰਦਰ ਡਾਕਟਰ ਦੇਰੀ ਨਾਲ ਪਹੁੰਚ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉਪ-ਮੰਡਲ ਹਸਪਤਾਲ ਬਲਾਚੌਰ ਵਿਖੇ ਕੁੱਝ ਡਾਕਟਰਾਂ ਦੇ ਦੇਰੀ ਨਾਲ ਆਉਣ ਕਾਰਨ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਠੇਕੇਦਾਰ ਕੇਵਲ ਕ੍ਰਿਸ਼ਨ, ਮਨਪ੍ਰੀਤ ਸਿੰਘ, ਵਿਜੇ ਕੁਮਾਰ, ਮਨਦੀਪ ਕੁਮਾਰ ਆਦਿ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਕੁਝ ਡਾਕਟਰਾਂ ਨੂੰ ਛੱਡ ਕੇ ਬਾਕੀ ਸਾਰੇ ਡਾਕਟਰ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਪਹੁੰਚ ਰਹੇ ਹਨ ਜਿਸ ਕਾਰਨ ਗਰਮੀਆਂ ਦੇ ਮੌਸਮ ਦੌਰਾਨ ਮਰੀਜ਼ਾਂ ਅੰਦਰ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ ਪਹਿਲਾਂ ਹੀ ਮਾਨਸਿਕ ਤੌਰ ‘ਤੇ ਭਾਰੀ ਤਣਾਅ ਵਿਚ ਹੁੰਦੇ ਹਨ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਨੂੰ ਹੋਰ ਵੀ ਮਾਯੂਸ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਮਾਰੀਆਂ ਸਬੰਧੀ ਢੁਕਵੀਆਂ ਦਵਾਈਆਂ ਵੀ ਉਪਲੱਬਧ ਨਹੀਂ ਹੋ ਰਹੀਆਂ। ਜਿਹੜੀਆਂ ਦਵਾਈਆਂ ਅੰਦਰੋਂ ਦਿੱਤੀਆਂ ਜਾਂਦੀਆਂ ਹਨ ਉਹ ਹਲਕੇ ਦਰਜੇ ਦੀਆਂ ਹੋਣ ਕਾਰਨ ਸਬੰਧਿਤ ਮਰੀਜ਼ ਨੂੰ ਬਹੁਤ ਦੇਰ ਨਾਲ ਆਰਾਮ ਮਿਲਦਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੋਕੀਆਂ ਬਿਆਨਬਾਜ਼ੀਆਂ ਛੱਡ ਕੇ ਅਸਲੀਅਤ ਵਿਚ ਸਿਹਤ ਸਿੱਖਿਆ ਦੀਆਂ ਸਹੂਲਤਾਂ ਅੰਦਰ ਸੁਧਾਰ ਕੀਤਾ ਜਾਵੇ। ਇਸ ਸੰਬੰਧੀ ਐਸ. ਐਮ. ਓ. ਬਲਾਚੌਰ ਸਤਿੰਦਰਜੀਤ ਕੌਰ ਨੇ ਕਿਹਾ ਕਿ ਮੈਂ ਆਪ ਅੱਜ ਛੁੱਟੀ ‘ਤੇ ਹਾਂ ਪਰ ਦੇਰੀ ਨਾਲ ਆਉਣ ਵਾਲੇ ਡਾਕਟਰਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਨੂੰ ਸਖਤ ਤਾੜਨਾ ਕੀਤੀ ਜਾਵੇਗੀ।

ਪਿਛਲੀ ਖ਼ਬਰ ਸਮੈਮ ਤੇ ਸੀ. ਡੀ. ਪੀ. ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ-ਡੀ. ਸੀ. ਅਗਲੀ ਖ਼ਬਰ ਵਾਰਡ ਨੰ. 21 ਦੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ ਹੋਏ, ਡਾ. ਚੱਬੇਵਾਲ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।