ਨਵਾਂਸ਼ਹਿਰ, 23 ਜੂਨ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵਲੋਂ ਖ਼ਾਲਸਾ ਰਿਗੇਲੀਆ ਟਰਬਨ ਟ੍ਰੇਨਿੰਗ ਸੈਂਟਰ’ ਦੇ ਸਹਿਯੋਗ ਨਾਲ ਤੇ ਗੁ: ਮੰਜੀ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਬੰਗਾ ਰੋਡ, ਨਵਾਂਸ਼ਹਿਰ ਵਿਖੇ ਵਿਸ਼ੇਸ਼ ਦਸਤਾਰ, ਦੁਮਾਲਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਸੰਬੰਧੀ ਸ. ਰੇਸ਼ਮ ਸਿੰਘ ਨੇ ਦੱਸਿਆ ਲੱਗਣ ਵਾਲੇ ਇਸ ਕੈਂਪ ਵਿਚ ਰੋਜ਼ਾਨਾ 30 ਜੂਨ ਤੱਕ ਸ਼ਾਮ 5 ਵਜੇ ਤੋਂ 7 ਵਜੇ ਤੱਕ ਪ੍ਰਸਿੱਧ ਟਰਬਨ ਕੋਚ ਸ. ਹਰਜੱਸ ਸਿੰਘ ਤੇ ਸਹਿਜਵੀਰ ਸਿੰਘ ਬੱਚਿਆਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਗੁਰ ਸਿਖਾਉਣਗੇ। ਕੈਂਪ ਦਾ ਮੁੱਖ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ ਤੇ ਸਿੱਖੀ ਸਰੂਪ ਨਾਲ ਜੋੜਨਾ ਹੈ ਤਾਂ ਜੋ ਬੱਚੇ ਸ਼ੁਰੂ ਤੋਂ ਹੀ ਦਸਤਾਰ ਦੀ ਅਹਿਮੀਅਤ ਨੂੰ ਸਮਝ ਸਕਣ। ਇਸ ਮੌਕੇ ਅਮਰਜੀਤ ਸਿੰਘ ਖਾਲਸਾ ਨੇ ਦਸਤਾਰ ਦੀ ਸ਼ਾਨ ਬਾਰੇ ਦੱਸਿਆ। ਦਸਤਾਰ ਕੋਚ ਹਰਜੱਸ ਸਿੰਘ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕੈਂਪ ਵਿਚ ਜ਼ਰੂਰ ਭੇਜਣ ਤੇ ਬੱਚੇ ਕੈਂਪ ਵਿਚ ਆਉਣ ਸਮੇਂ ਆਪਣੇ ਨਾਲ ਦਸਤਾਰ, ਕੰਘਾ, ਸ਼ੀਸ਼ਾ ਤੇ ਬਾਜ ਜ਼ਰੂਰ ਲੈ ਕੇ ਆਉਣ। ਇਸ ਮੌਕੇ ਜਥੇਦਾਰ ਬਾਬਾ ਨਰੰਗ ਸਿੰਘ, ਹੈੱਡ ਗ੍ਰੰਥੀ ਪਰਮਜੀਤ ਸਿੰਘ, ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਰੇਸ਼ਮ ਸਿੰਘ, ਦਸਤਾਰ ਕੋਚ ਹਰਜੱਸ ਸਿੰਘ ਤੇ ਸਹਿਜਵੀਰ ਸਿੰਘ, ਤਰਸੇਮ ਸਿੰਘ, ਪਰਮ ਸਿੰਘ ਅਤੇ ਬੱਚੇ ਆਦਿ ਹਾਜ਼ਰ ਸਨ।
ਗੁ. ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਦਸਤਾਰ, ਦੁਮਾਲਾ ਸਿਖਲਾਈ ਕੈਂਪ ਸ਼ੁਰੂ
ਅਜੀਤ ਡੈਸਕ
24-06-2026